ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ 'ਚ ਪਿਛਲੇ ਸਾਲ 15 ਮਾਰਚ ਨੂੰ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ 'ਤੇ ਸੈਮੀ-ਆਟੋਮੈਟਿਕ ਗੰਨਾਂ ਨਾਲ ਹਮਲਾ ਕਰਨ ਵਾਲੇ 'ਵਾਈਟ ਸੁਪਰਮੇਸਿਸਟ' ਨੂੰ ਅੱਜ ਅਦਾਲਤ ਨੇ ਉਮਦ ਕੈਦ ਦੀ ਸਜ਼ਾ ਸੁਣਾ ਦਿੱਤੀ। ਉਸ 'ਤੇ ਫੇਸਬੁੱਕ ਲਾਈਵ ਸਟਰੀਮਿੰਗ ਦੌਰਾਨ ਭਾਰਤੀ ਮੂਲ ਦੇ 7 ਵਿਅਕਤੀਆਂ ਸਣੇ 51 ਨਮਾਜ਼ੀਆਂ ਨੂੰ ਮਾਰ ਕੇ 40 ਹੋਰਨਾਂ ਨੂੰ ਜ਼ਖ਼ਮੀ ਕਰਨ ਦਾ ਇਲਜ਼ਾਮ ਹੈ। ਜੱਜ ਨੇ ਉਸ ਨੂੰ ਅੱਤਵਾਦੀ ਅਤੇ ਨਿਊਜ਼ੀਲੈਂਡ ਦਾ ਸਭ ਤੋਂ ਬੁਰਾ ਕਾਤਲ ਦੱਸਿਆ। ਫ਼ੈਸਲੇ 'ਤੇ ਪ੍ਰਧਾਨ ਮੰਤਰੀ ਨੇ ਤਸੱਲੀ ਅਤੇ ਮੁਸਲਿਮ ਭਾਈਚਾਰੇ ਨੇ ਦੇਸ਼ ਦੀ ਨਿਆਪਾਲਿਕਾ 'ਚ ਭਰੋਸਾ ਪ੍ਰਗਟਾਇਆ ਹੈ।।

ਪ੍ਰਾਪਤ ਜਾਣਕਾਰੀ ਅਨੁਸਾਰ 29 ਸਾਲਾ ਆਸਟ੍ਰੇਲਿਆਈ ਨਾਗਰਿਕ ਬਰੈਂਟਨ ਟੈਰੈਂਟ ਨੂੰ ਸਜ਼ਾ ਸੁਣਾਉਂਦਿਆਂ ਕ੍ਰਾਈਸਟਚਰਚ ਹਾਈ ਕੋਰਟ ਦੇ ਜੱਜ ਕੈਮਰੂਨ ਮੈਂਡਰ ਨੇ ਉਸ ਨੂੰ ਅੱਤਵਾਦੀ ਅਤੇ ਦੇਸ਼ ਦਾ ਸਭ ਤੋਂ ਭੈੜਾ ਕਾਤਲ ਗਰਦਾਨਿਆ, ਜਿਸ ਨੇ ਜ਼ਖ਼ਮੀ ਹੋਏ ਲੋਕਾਂ 'ਤੇ ਵੀ ਤਰਸ ਨਹੀਂ ਕੀਤਾ। ਉਮਰ ਕੈਦ ਦੀ ਸਜ਼ਾ ਦਾ ਅਰਥ ਇਹ ਹੋਵੇਗਾ ਕਿ ਉਹ ਕੈਦ ਦੇ ਕੁਝ ਸਾਲ ਕੱਟਣ ਤੋਂ ਬਾਅਦ ਪੈਰੋਲ 'ਤੇ ਰਿਹਾਅ ਹੋਣ ਦੇ ਯੋਗ ਨਹੀਂ ਹੋਵੇਗਾ ਤੇ ਉਸ ਨੂੰ ਸਾਰੀ ਉਮਰ ਜੇਲ੍ਹ 'ਚ ਹੀ ਕੱਟਣੀ ਪਵੇਗੀ।।

ਨਿਊਜ਼ੀਲੈਂਡ 'ਚ ਸਾਲ 1989 'ਚ ਫਾਂਸੀ ਦੀ ਸਜ਼ਾ ਖ਼ਤਮ ਕੀਤੇ ਜਾਣ ਤੋਂ ਬਾਅਦ ਹੁਣ ਟੈਰੋਰਿਜ਼ਮ ਸੁਪਰੈਸ਼ਨ ਐਕਟ 2002 ਤਹਿਤ ਬਿਨਾਂ ਪੈਰੋਲ ਉਮਰ ਕੈਦ ਹੀ ਸਭ ਤੋਂ ਵੱਡੀ ਸਜ਼ਾ ਹੈ, ਜੋ ਪਹਿਲੀ ਵਾਰ ਕਿਸੇ ਮੁਜਰਮ ਨੂੰ ਦਿੱਤੀ ਗਈ ਹੈ।

ਸੋਮਵਾਰ ਤੋਂ ਬੁੱਧਵਾਰ ਤਕ ਪੀੜਤਾਂ ਵੱਲੋਂ ਅਦਾਲਤ 'ਚ ਆਪਣੇ ਬਿਆਨ ਦਰਜ ਕਰਵਾਉਣ ਵਾਲੀ ਕਾਰਵਾਈ ਤੋਂ ਪਹਿਲਾਂ ਹੀ ਮੁਜਰਮ ਨੇ ਕਹਿ ਦਿੱਤਾ ਸੀ ਕਿ ਉਹ ਆਖਰੀ ਸੁਣਵਾਈ ਦੌਰਾਨ ਕੁਝ ਨਹੀਂ ਬੋਲੇਗਾ।ਜਿਸ ਕਰਕੇ ਉਸ ਨੇ ਚਾਰੇ ਦਿਨ ਕੋਈ ਹਰਕਤ ਨਹੀਂ ਕੀਤੀ। ਨਾ ਹੀ ਆਪਣੀ ਸਜ਼ਾ ਘੱਟ ਕਰਨ ਬਾਰੇ ਅਪੀਲ ਕੀਤੀ, ਸਗੋਂ ਚੁੱਪ-ਚਾਪ ਕਰਕੇ ਬੈਠਾ ਰਿਹਾ।ਸਜ਼ਾ ਸੁਣਾਏ ਜਾਣ ਤੋਂ ਬਾਅਦ ਅਲ-ਨੂਰ ਮਸਜਿਦ ਅਤੇ ਲਿਨਵੁੱਡ ਇਸਲਾਮਿਕ ਸੈਂਟਰ ਦੇ ਇਮਾਮਾਂ ਨੇ ਦੇਸ਼ ਦੇ ਨਿਆਇਕ ਸਿਸਟਮ 'ਚ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਜ਼ਾ ਉਨ੍ਹਾਂ ਦੇ ਵਿਛੜ ਚੁੱਕਿਆਂ ਨੂੰ ਵਾਪਸ ਨਹੀਂ ਲਿਆ ਸਕਦੀ।।

ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਬਰੈਂਟਨ ਨੂੰ ਆਸਟ੍ਰੇਲੀਆ ਡਿਪੋਰਟ ਕੀਤੇ ਜਾਣ ਦੀ ਮੰਗ ਕੀਤੀ ਹੈ।। ਹਾਲਾਂਕਿ ਦੇਸ਼ ਦੇ ਕਾਨੂੰਨ ਮੰਤਰੀ ਐਂਡਰਿਊ ਲਿਟਲ ਦਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ 'ਚ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਰਾਹੀਂ ਕੈਦੀ ਆਪਣੀ ਕੈਦ ਆਸਟ੍ਰੇਲੀਆ ਦੀ ਜੇਲ੍ਹ 'ਚ ਗੁਜ਼ਾਰ ਕੇ ਪੂਰੀ ਕਰ ਸਕੇ। ਇਸ ਲਈ ਕਾਨੂੰਨ 'ਚ ਸੋਧ ਕਰਨੀ ਪਵੇਗੀ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਬਰੈਂਟਨ ਨੂੰ ਵਾਪਸ ਲਿਆਉਣ ਬਾਰੇ ਅਜੇ ਕੋਈ ਮੰਗ ਨਹੀਂ ਉੱਠੀ।।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪਿਛਲੇ ਸਾਲ ਹਮਲੇ ਵਾਲੇ ਦਿਨ ਨੂੰ ਦੇਸ਼ ਦਾ ਸਭ ਤੋਂ ਕਾਲਾ ਦਿਨ ਦੱਸਿਆ ਸੀ ਅਤੇ ਆਪਣੀ ਜ਼ੁਬਾਨੋਂ ਕਾਤਲ ਦਾ ਨਾਂ ਲੈਣਾ ਵੀ ਚੰਗਾ ਨਹੀਂਂ ਸੀ ਸਮਝਿਆ। ਉਸ ਪਿੱਛੋਂ ਦੇਸ਼ 'ਚ ਬੰਦੂਕਾਂ ਰੱਖਣ ਦੇ ਕਾਨੂੰਨ ਨੂੰ ਸਖ਼ਤ ਬਣਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਗਿਆ ਸੀ।

ਕੌਣ ਹੈ ਕਾਤਲ?

29 ਸਾਲਾ ਬਰੈਂਟਨ ਟਰੈਂਟਨ ਆਸਟ੍ਰੇਲੀਆ ਦਾ ਨਾਗਰਿਕ ਹੈ। ਜੋ ਨਿਊ ਸਾਊਥ ਵੇਲਜ਼ ਸਟੇਟ 'ਚ ਜੰਮਿਆ ਸੀ। ਉਸ ਦਾ ਪਿਤਾ ਕੂੜਾ ਢੋਣ ਦਾ ਕੰਮ ਕਰਦਾ ਸੀ ਤੇ ਮਾਂ ਅਧਿਆਪਕ ਹੈ। ਸਾਲ 2010 'ਚ ਆਪਣੇ ਪਿਤਾ ਦੀ ਮੌਤ ਪਿੱਛੋਂ ਨੌਕਰੀ ਛੱਡ ਕੇ ਏਸ਼ੀਆ ਅਤੇ ਯੂਰਪ ਦੇ ਟੂਰ 'ਤੇ ਨਿਕਲ ਗਿਆ ਸੀ। ਉਸ ਦੀ ਦਾਦੀ ਦਾ ਵਿਸ਼ਵਾਸ ਹੈ ਕਿ ਉਸ ਤੋਂ ਬਾਅਦ ਹੀ ਉਸ ਦਾ ਮਨ ਬਦਲਿਆ ਸੀ। ਉਹ 2017 'ਚ ਨਿਊਜ਼ੀਲੈਂਡ ਆ ਗਿਆ ਸੀ ਅਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾ ਬਣਾਉਣ, ਹਥਿਆਰਾਂ ਦੇ ਲਾਇਸੈਂਸ ਬਣਾਉਣ 'ਚ ਰੁੱਝ ਗਿਆ ਸੀ। ਉਸ ਨੇ ਹਮਲੇ ਤੋਂ ਪਹਿਲਾਂ 74 ਸਫ਼ਿਆਂ ਦਾ 'ਮੈਨੀਫੈਸਟੋ' ਵੀ ਆਨਲਾਈਨ ਅਪਲੋਡ ਕੀਤਾ ਸੀ ਜਿਸ 'ਤੇ ਨਿਊਜ਼ੀਲੈਂਡ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਬਰੈਂਟਨ ਨੂੰ ਸੱਜੇ-ਪੱਖੀ ਕੱਟੜਪੰਥੀ ਅੱਤਵਾਦੀ ਦੱਸਿਆ ਹੈ।

Posted By: Susheel Khanna