ਵੇਲਿੰਗਟਨ : ਨਿਊਜ਼ੀਲੈਂਡ 'ਚ ਕੋਰੋਨਾ ਵੈਕਸੀਨ ਫਾਈਜ਼ਰ ਲੱਗਣ ਤੋਂ ਬਾਅਦ ਮੌਤ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਪੈਨਲ ਨੇ ਮੰਨਿਆ ਕਿ ਮਹਿਲਾ ਦੀ ਮੌਤ ਮਾਯੋਕਾਰਡੀਟਿਸ ਕਾਰਨ ਹੋਈ ਸੀ। ਜਿਸ 'ਚ ਕੋਵਿਡ-19 ਵੈਕਸੀਨ ਫਾਈਜ਼ਰ ਦੇ ਮਾੜੇ ਪ੍ਰਭਾਵ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਸ ਗੱਲ ਦੀ ਜਾਣਕਾਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਕ ਕੋਵਿਡ-19 ਵੈਕਸੀਨ ਸੁਰੱਖਿਆ ਨਿਗਰਾਨੀ ਬੋਰਡ ਦੁਆਰਾ ਸਮੀਖਿਆ ਤੋਂ ਬਾਅਦ ਦਿੱਤੀ। ਹਾਲਾਂਕਿ ਮੰਤਰਾਲੇ ਦੇ ਬਿਆਨ 'ਚ ਮਹਿਲਾ ਦੀ ਉਮਰ ਨਹੀਂ ਦੱਸੀ ਗਈ ਹੈ।

ਨਿਊਜ਼ੀਲੈਂਡ ਸਿਹਤ ਮੰਤਰਾਲੇ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਬੋਰਡ ਨੇ ਮੰਨਿਆ ਹੈ ਕਿ ਮਹਿਲਾ ਦੀ ਮੌਤ ਮਾਯੋਕਾਰਡੀਟਿਸ ਕਾਰਨ ਹੋਈ ਹੈ। ਫਾਈਜ਼ਰ ਦੀ ਵੈਕਸੀਨ ਲੈਣ ਤੋਂ ਬਾਅਦ ਇਸ ਤਰ੍ਹਾਂ ਦੇ ਸਾਈਡ ਇਫੈਕਟ ਬਹੁਤ ਘੱਟ ਲੋਕਾਂ 'ਚ ਹੁੰਦੇ ਹਨ। ਮਾਯੋਕਾਰਡੀਟਿਸ ਦੌਰਾਨ ਦਿਲ ਦੀਆਂ ਮਾਸਪੇਸ਼ੀਆਂ 'ਚ ਸੂਜਨ ਆ ਜਾਂਦੀ ਹੈ। ਅਜਿਹੇ 'ਚ ਬਲੱਡ ਨੂੰ ਹਾਰਟ 'ਚ ਪੰਪ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਲਿਹਾਜ਼ਾ ਦਿਲ ਦੀ ਧੜਕਣ ਦੀ ਲੈਅ 'ਚ ਬਦਲਾਅ ਆ ਜਾਂਦਾ ਹੈ ਤੇ ਮਰੀਜ਼ਾਂ ਦੀ ਮੌਤ ਹੋ ਸਕਦੀ ਹੈ।

ਸਿਹਤ ਮੰਤਰਾਲੇ ਨੇ ਕਿਹਾ ਨਿਊਜ਼ੀਲੈਂਡ 'ਚ ਇਹ ਪਹਿਲਾਂ ਮਾਮਲਾ ਹੈ ਜਿੱਥੇ ਟੀਕਾਕਰਨ ਤੋਂ ਬਾਅਦ ਮੌਤ ਨੂੰ ਫਾਈਜ਼ਰ ਵੈਕਸੀਨ ਨਾਲ ਜੋੜਿਆ ਗਿਆ ਹੈ। ਸਿਹਤ ਮੰਤਰਾਲੇ ਦਾ ਇਕ ਨਿਗਰਾਨੀ ਬੋਰਡ ਇਸ ਮਹਿਲਾ ਨੂੰ ਵੈਕਸੀਨ ਲਗਣ ਤੋਂ ਬਾਅਦ ਤੋਂ ਹੀ ਸਮੀਖਿਆ ਕਰ ਰਿਹਾ ਸੀ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਿਲਾ ਦੀ ਮੌਤ ਦੀ ਵਜ੍ਹਾ ਮਾਯੋਕਾਰਡੀਟਿਸ ਬਿਮਾਰੀ ਰਹੀ। ਜੋ ਫਾਈਜ਼ਰ ਵੈਕਸੀਨ ਲੱਗਣ ਤੋਂ ਬਾਅਦ ਉਸ ਦੇ ਮਾੜੇ ਪ੍ਰਭਾਵ ਦੇ ਰੂਪ 'ਚ ਦੇਖੀ ਜਾ ਰਹੀ ਹੈ। ਨਿਊਜ਼ੀਲੈਂਡ 'ਚ ਫਾਈਜ਼ਰ ਨੇ ਹਾਲੇ ਤਕ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ।

Posted By: Ravneet Kaur