ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ਦੇ ਸਾਊਥ ਆਈਲੈਂਡ `ਚ ਪੈਂਦੇ ਕ੍ਰਾਈਸਚਰਚ ਸ਼ਹਿਰ 'ਚ ਪਿਛਲੇ ਦਿਨੀਂ ਸੜਕ ਹਾਦਸੇ ਦੀ ਭੇਟ ਚੜ੍ਹੇ 31 ਸਾਲਾ ਪੰਜਾਬੀ ਨੌਜਵਾਨ ਸਿਕੰਦਰਪਾਲ ਸਿੰਘ ਦੀ ਦੇਹ ਵੀਰਵਾਰ ਨੂੰ ਭਾਰਤ ਲਈ ਰਵਾਨਾ ਕੀਤੀ ਜਾਵੇਗੀ। ਉਸਦੇ ਮਾਪੇ ਸ਼ੁੱਕਰਵਾਰ ਨੂੰ ਦਿੱਲੀ ਏਅਪੋਰਟ `ਤੇ ਆਪਣੇ ਪੁੱਤ ਦਾ ਮੂੰਹ ਵੇਖ ਸਕਣਗੇ। ਇਮੀਗਰੇਸ਼ਨ ਦੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਨ ਅਤੇ ਪੋਸਟ ਮਾਰਟਮ ਪਿੱਛੋਂ ਉਦੋਂ ਤਕ ਦੇਹ-ਸੰਭਾਲ ਕੇਂਦਰ 'ਚ ਸੰਭਾਲ ਦਿੱਤੀ ਗਈ ਹੈ।

ਕ੍ਰਾਈਸਚਰਚ ਸਿਟੀ ਤੋਂ ਲੇਬਰ ਪਾਰਟੀ ਅਤੇ ਪੰਜਾਬੀ ਕਮਿਊਨਿਟੀ ਲੀਡਰ ਨਰਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਪੋਸਟ ਮਾਰਟਮ ਪਿੱਛੋਂ ਸਿਕੰਦਰਪਾਲ ਦੀ ਲਾਸ਼ ਭਾਰਤ ਭੇਜਣ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਜਿਸਨੂੰ ਸਿੰਘਾਪੁਰ ਏਅਰਲਾਈਨ ਦੇ ਕਾਰਗੋ ਜਹਾਜ਼ ਰਾਹੀਂ 27 ਜਨਵਰੀ ਵੀਰਵਾਰ ਨੂੰ ਕ੍ਰਾਈਸਚਰਚ ਏਅਰਪੋਰਟ ਤੋਂ ਦੁਪਹਿਰੇ 12 ਵਜੇ ਰਵਾਨਾ ਕੀਤਾ ਜਾਵੇਗਾ, ਜੋ 28 ਜਨਵਰੀ ਸ਼ੁੱਕਰਵਾਰ ਨੂੰ ਸ਼ਾਮ 7:45 'ਤੇ ਨਵੀਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚ ਜਾਵੇਗੀ। ਜਿੱਥੋਂ ਪਰਿਵਾਰਕ ਮੈਂਬਰ ਲਾਸ਼ ਨੂੰ ਪੰਜਾਬ ਲੈ ਜਾਣਗੇ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਰਿਆਰ (ਪੋਸਟ ਆਫਿਸ ਰਣਜੀਤ ਬਾਗ਼) ਦੇ ਵਾਸੀ ਹਰਦਿਆਲ ਸਿੰਘ ਅਤੇ ਕੁਲਦੀਪ ਕੌਰ ਦਾ ਪੁੱਤਰ ਸਿਕੰਦਰਪਾਲ ਸਿੰਘ ਸਾਲ 2018 'ਚ ਨਿਊਜ਼ੀਲੈਂਡ ਆਇਆ ਸੀ। ਉਹ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। 17 ਜਨਵਰੀ ਸੋਮਵਾਰ ਨੂੰ ਸਵੇਰੇ ਘਰੋਂ ਨਿਕਲਣ ਤੋਂ ਬਾਅਦ ਰੋਲਸਟਨ 'ਚ ਮੇਨ ਸਾਊਥ ਰੋਡ (ਸਟੇਟ ਹਾਈਵੇਅ 1) ਅਤੇ ਰੋਲਸਟਨ ਡਰਾਈਵ ਦੇ ਇੰਟਰਸੈਕਸ਼ਨ 'ਤੇ ਹਾਦਸਾ ਵਾਪਰਿਆ ਸੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਸਿਕੰਦਰਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜੋ ਕਿ ਉਸ ਵੇਲੇ ਟਰੱਕ 'ਚ ਇਕੱਲਾ ਹੀ ਸੀ।

ਵਰਨਣਯੋਗ ਹੈ ਕਿ ਘਟਨਾ ਤੋਂ ਪਿੱਛੋਂ ਸਿਕੰਦਰਪਾਲ ਦੇ ਦੋਸਤਾਂ ਅਤੇ ਕਮਿਊਨਿਟੀ ਆਗੂ ਨਰਿੰਦਰ ਸਿੰਘ ਵੜੈਚ ਨੇ ਉਸਦੀ ਦੇਹ ਨੂੰ ਭਾਰਤ ਭੇਜਣ ਲਈ ਭਾਰਤੀ ਹਾਈ ਕਮਿਸ਼ਨ ਵਾਲੰਗਿਟਨ ਨੂੰ ਸੂਚਿਤ ਕਰਕੇ ਲਾਸ਼ ਪੰਜਾਬ ਭੇਜਣ ਦੀ ਜ਼ਿੰਮੇਵਾਰੀ ਸੰਭਾਲੀ ਸੀ।

Posted By: Ramanjit Kaur