ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ `ਚ ਲੌਕਡਾਊਨ ਤੋਂ ਪਹਿਲਾਂ ਪ੍ਰਚਾਰ ਕਰਨ ਲਈ ਆਏ ਦਰਜਨਾਂ ਸਿੱਖ ਪ੍ਰਚਾਰਕ ਵੀ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਬਣ ਸਕਣਗੇ। ਇਮੀਗਰੇਸ਼ਨ ਵੱਲੋਂ ਐਲਾਨੀ ਗਈ ਨਵੀਂ ਪਾਲਿਸੀ ਤਹਿਤ ‘ਧਾਰਮਿਕ ਵਰਕ ਵੀਜ਼ੇ’ ਵੀ ਯੋਗ ਹਨ ਅਤੇ ਇੰਗਲਿਸ਼ ਭਾਸ਼ਾ ਦੇ ਗਿਆਨ ਵਾਲੀ ਸ਼ਰਤ ਵੀ ਨਹੀਂ ਹੈ। ਜਿਸ ਕਰਕੇ ਰਾਗੀ ਤੇ ਗੰ੍ਰਥੀ ਸਿੰਘ ਬਾਗ਼ੋ-ਬਾਗ਼ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਅਤੇ ਗੁਰਦੁਆਰਾ ਪਹਿਲੀ ਪਾਤਾਸ਼ਾਹੀ ਗੁਰੂਂ ਨਾਨਕ ਦੇਵ ਜੀ ਉਟਾਹੂਹੂ `ਚ ਕੀਰਤਨ ਦੀ ਸੇਵਾ ਨਿਭਾਅ ਰਹੇ ਜਥਿਆਂ ਦੇ 12 ਮੈਂਬਰਾਂ ਅਤੇ ਇਕ ਲਾਂਗਰੀ ਨੂੰ ਰੈਜੀਡੈਂਟ ਵੀਜ਼ਾ ਦਿਵਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ।

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੇ ਲਾਇਬ੍ਰੇਰੀ ਹਾਲ `ਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਨੇ ਦਲਜੀਤ ਸਿੰਘ ਨੇ ਦੱਸਿਆ ਕਿ ਸਾਰੇ ਪ੍ਰਚਾਰਕਾਂ ਨੂੰ ਪੱਕੇ ਕਰਾਉਣ ਲਈ ਕਾਰਜਕਾਰੀ ਕਮੇਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ। ਜਿਸ `ਤੇ ਆਉਣ ਵਾਲਾ ਖ਼ਰਚਾ, ਭਾਵ ਇਮੀਗਰੇਸ਼ਨ ਫੀਸ ਅਤੇ ਵਕੀਲਾਂ ਦਾ ਖ਼ਰਚਾ ਵੀ ਸੁਸਾਇਟੀ ਵੱਲੋਂ ਹੀ ਕੀਤਾ ਜਾਵੇਗਾ ਅਤੇ ਪੱਕੇ ਕਰਾਉਣ ਬਦਲੇ ਕੋਈ ਵੀ ਸ਼ਰਤ ਨਹੀਂ ਰੱਖੀ ਗਈ।

ਉਨ੍ਹਾਂ ਦੱਸਿਆ ਕਿ ਹੋਰ ਗੁਰੂਘਰਾਂ ਨਾਲ ਵੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ ਤਿੰਨ ਗੁਰਦੁਆਰਿਆਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ ਤਾਂ ਜੋ ਇਸ ਵੇਲੇ ਨਿਊਜ਼ੀਲੈਂਡ `ਚ ਮੌਜੂਦ ਸਾਰੇ ਪ੍ਰਚਾਰਕ ਪੱਕੇ ਹੋ ਸਕਣ, ਜੋ ਇਮੀਗਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ।

ਇਸ ਮੌਕੇ ਟਾਕਾਨਿਨੀ ਗੁਰੂਘਰ ਦੇ ਕੀਰਤਨੀ ਜਥੇ ਦੇ ਆਗੂ ਸੁਖਦੇਵ ਸਿੰਘ ਬਾਠ ਅਤੇ ਦੀਪ ਸਿੰਘ ਤੋਂ ਇਲਾਵਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਉਟਾਹੂਹੂ `ਚ ਦੋ ਸਾਲ ਤੋਂ ਕੀਰਤਨ ਦੀ ਸੇਵਾ ਨਿਭਾਅ ਰਹੇ ਜਥੇ ਦੇ ਆਗੂ ਭਾਈ ਰਣਜੀਤ ਸਿੰਘ ਤੇ ਉਸਦੇ ਸਾਥੀਆਂ ਲਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਨੇ ਉਹ ਸਰਕਾਰ ਅਤੇ ਸੁਸਾਇਟੀ ਦੇ ਫ਼ੈਸਲੇ ਤੋਂ ਬਹੁਤ ਪ੍ਰਸੰਨ ਹਨ, ਜਿਸ ਸਦਕੇ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਬਣ ਸਕਣਗੇ। ਉਨ੍ਹਾਂ ਇਸ ਗੱਲ `ਤੇ ਵੀ ਖੁਸ਼ੀ ਮਨਾਈ ਕਿ ਨਵੇਂ ਨਿਯਮਾਂ ਤਹਿਤ ਪੱਕੇ ਹੋਣ ਲਈ ਇੰਗਲਿਸ਼ ਦੀ ਵੀ ਕੋਈ ਸ਼ਰਤ ਨਹੀਂ ਹੈ।

ਟਾਕਾਨਿਨੀ ਗੁਰੂਘਰ `ਚ ਮੁੱਖ ਗੰ੍ਰਥੀ ਦੀਆਂ ਸੇਵਾਵਾਂ ਨਿਭਾ ਰਹੇ ਭਾਈ ਸਤਿੰਦਰ ਸਿੰਘ ਅਤੇ ਲੰਗਰ ਤਿਆਰ ਕਰਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੁਖਵਿੰਦਰ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਵੀ ਸੁਸਾਇਟੀ ਫ਼ੈਸਲੇ ਤੋਂ ਬਹੁਤ ਖੁਸ਼ ਹਨ।

ਦੱਸਣਯੋਗ ਹੈ ਕਿ ਇਮੀਗਰੇਸ਼ਨ ਵੱਲੋਂ 30 ਸਤੰਬਰ ਨੂੰ ਐਲਾਨੀ ਗਈ ਨਵੀਂ ਨੀਤੀ ਅਨੁਸਾਰ 29 ਸਤੰਬਰ 2021 ਨੂੰ ਜਿਹੜਾ ਵੀ ਮਾਈਗਰੈਂਟ ਵਰਕਰ ਨਿਊਜ਼ੀਲੈਂਡ `ਚ ਕਿਸੇ ਨਾ ਕਿਸੇ ਕਿਸਮ ਦੇ ਵਰਕ ਵੀਜ਼ੇ `ਤੇ ਕੰਮ ਕਰ ਰਿਹਾ ਹੈ ਜਾਂ 27 ਡਾਲਰ ਘੰਟੇ ਦੇ ਹਿਸਾਬ ਨਾਲ ਤਨਖਾਹ ਲੈ ਰਿਹਾ ਹੈ, ਉਹ ਰੈਜੀਡੈਂਟ ਵੀਜ਼ਾ ਅਪਲਾਈ ਕਰਨ ਦੇ ਯੋਗ ਹੈ।

Posted By: Tejinder Thind