ਵੈਲਿੰਗਟਨ, ਰਾਇਟਰ : ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਆਰਜ਼ੀ ਤੌਰ 'ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀ ਐਤਵਾਰ 11 ਅਪ੍ਰਰੈਲ ਤੋਂ ਸ਼ੁਰੂ ਹੋਵੇਗੀ ਤੇ 28 ਅਪ੍ਰਰੈਲ ਤਕ ਚੱਲੇਗੀ। ਇਸ ਦੌਰਾਨ ਭਾਰਤ 'ਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕ ਤੇ ਸਥਾਈ ਵਾਸੀ ਵੀ ਆਪਣੇ ਦੇਸ਼ ਨਹੀਂ ਪਰਤ ਸਕਣਗੇ। ਇਹ ਫ਼ੈਸਲਾ ਵੀਰਵਾਰ ਨੂੰ ਆਈ ਉਸ ਰਿਪੋਰਟ ਤੋਂ ਬਾਅਦ ਲਿਆ ਗਿਆ, ਜਦੋਂ ਦੇਸ਼ 'ਚ ਇਨਫੈਕਸ਼ਨ ਦੇ 23 ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 17 ਲੋਕ ਭਾਰਤ ਤੋਂ ਪਰਤੇ ਸਨ।

ਨਿਊਜ਼ੀਲੈਂਡ ਹੈਰਲਡ ਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਹਵਾਲੇ ਤੋਂ ਕਿਹਾ ਕਿ ਭਾਰਤ ਤੋਂ ਪਰਤਣ ਵਾਲੇ ਯਾਤਰੀਆਂ ਤੋਂ ਇਨਫੈਕਸ਼ਨ ਫੈਲਣ ਦਾ ਖ਼ਤਰਾ ਜ਼ਿਆਦਾ ਹੈ। ਸਰਕਾਰ ਕੋਰੋਨਾ ਦੇ ਹਾਟ ਸਪਾਟ ਬਣੇ ਦੂਜੇ ਦੇਸ਼ਾਂ 'ਤੇ ਵੀ ਨਜ਼ਰ ਰੱਖ ਰਹੀ ਹੈ। ਅਰਡਰਨ ਨੇ ਕਿਹਾ ਕਿ ਇਹ ਵਿਵਸਥਾ ਸਥਾਈ ਨਹੀਂ ਹੈ। ਹਾਲਾਂਕਿ ਇਸ ਆਰਜ਼ੀ ਪਾਬੰਦੀ ਨਾਲ ਇਨਫੈਕਸ਼ਨ ਨੂੰ ਰੋਕਣ 'ਚ ਮਦਦ ਮਿਲੇਗੀ। ਇਹ ਪਾਬੰਦੀ ਨਿਊਜ਼ੀਲੈਂਡ ਦੇ ਨਾਗਰਿਕਾਂ ਤੇ ਸਥਾਈ ਵਾਸੀਆਂ 'ਤੇ ਵੀ ਲਾਗੂ ਹੋਵੇਗੀ। ਪਹਿਲਾਂ ਵੀ ਨਿਊਜ਼ੀਲੈਂਡ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ 'ਤੇ ਰੋਕ ਲਾਈ ਹੈ ਪਰ ਆਪਣੇ ਨਾਗਰਿਕਾਂ ਤੇ ਸਥਾਈ ਵਾਸੀਆਂ ਤੋਂ ਇਸ ਨੂੰ ਅਲੱਗ ਰੱਖਿਆ ਸੀ। ਅਰਡਰਨ ਨੇ ਕਿਹਾ ਕਿ ਇਸ ਆਰਜ਼ੀ ਪਾਬੰਦੀ ਨਾਲ ਭਾਰਤ 'ਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਹੋਣ ਵਾਲੀ ਦਿੱਕਤ ਤੋਂ ਉਹ ਚੰਗੀ ਤਰ੍ਹਾਂ ਜਾਣੂ ਹਨ ਪਰ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਸੀ। ਅਰਡਰਨ ਨੇ ਕਿਹਾ ਕਿ ਫਿਲਹਾਲ ਖ਼ਤਰੇ ਵਾਲੇ ਹੋਰ ਦੇਸ਼ਾਂ 'ਤੇ ਇਸ ਤਰ੍ਹਾਂ ਦੀ ਪਾਬੰਦੀ ਲਾਉਣ ਦਾ ਕੋਈ ਇਰਾਦਾ ਨਹੀਂ ਹੈ।

Posted By: Sunil Thapa