ਪੰਜਾਬੀ ਜਾਗਰਣ ਟੀਮ, ਆਕਲੈਂਡ : ਫੂਡ ਬੈਂਕਾਂ ਤਕ ਨਾ ਪੁੱਜ ਸਕਣ ਵਾਲਿਆਂ ਦੀ ਮਦਦ ਲਈ ਇੱਥੇ ਇਕ ਸਮਰਮਣ ਭਾਵਨਾ ਵਾਲਾ ਜੋੜਾ ਕਾਰਜਸ਼ੀਲ ਹੈ ਜੋ ਲੋੜਵੰਦਾਂ ਦੇ ਘਰਾਂ ਤਕ ਖਾਣ-ਪੀਣ ਦਾ ਸਾਮਾਨ ਪਹੁੰਚਾ ਰਿਹਾ ਹੈ। ਹੋਰ ਤਾਂ ਹੋਰ ਇਸ ਸੌਦੇ ਪੱਤੇ ਲਈ ਖ਼ਰਚ ਵੀ ਆਪਣੇ ਪੱਲਿਓਂ ਕਰ ਰਿਹਾ ਹੈ।

ਮਾਨੂਕੌ ਵੱਸਦੇ ਦਵਿੰਦਰ ਤੇ ਜਿਓਤੀ ਸਿੰਘ ਰਾਹਲ ਨੇ ਆਪਣੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਲਾਕਡਾਊਨ ਦੌਰਾਨ ਰਸੋਈ ਦਾ ਸਾਮਾਨ ਪੁੱਜਦਾ ਕੀਤਾ ਹੈ ਜਿਨ੍ਹਾਂ ਕੋਲ ਆਵਾਜਾਈ ਦਾ ਸਾਧਨ ਨਹੀਂ, ਜ਼ਖ਼ਮੀ ਹਨ (ਭਾਵ ਸੱਟ-ਫੇਟ ਲੱਗੀ ਹੋਈ) ਜਾਂ ਬਜ਼ੁਰਗ ਹਨ। ਰਾਹਲ ਨੇ ਦੱਸਿਆ ਕਿ ਹੋਰ ਲੋਕ ਵੀ ਭੋਜਨ ਵੰਡ ਰਹੇ ਹਨ ਪਰ ਅਸੀਂ ਉਨ੍ਹਾਂ ਲੋਕਾਂ ਤਕ ਪੁੱਜ ਰਹੇ ਹਾਂ ਜਿਹੜੇ ਭੋਜਨ ਲੈ ਕੇ ਜਾਣ ਜੋਗੇ ਨਹੀਂ। ਅੱਜ ਅਸੀਂ ਇਕ ਅਜਿਹੀ ਔਰਤ ਨੂੰ ਭੋਜਨ ਦੇਣ ਜਾ ਰਹੇ ਹਾਂ ਜਿਹੜੀ ਸੱਤ ਮਹੀਨਿਆਂ ਦੀ ਗਰਭਵਤੀ ਹੈ ਤੇ ਘਰੋਂ ਆਉਣਾ ਜਿਸ ਲਈ ਮੁਮਕਿਨ ਨਹੀਂ।

ਹੁਣ ਤਕ ਇਸ ਲਾਕਡਾਊਨ ਦੌਰਾਨ ਇਹ ਜੋੜਾ 1767 ਡਾਲਰ (ਅੰਦਾਜ਼ਨ 93,000 ਰੁਪਏ) ਆਪਣੀ ਬੱਚਤ ਵਿਚੋਂ ਖ਼ਰਚ ਕਰ ਚੁੱਕਾ ਹੈ। ਉਹ ਦੋਵੇਂ ਸੱਚਮੁੱਚ ਹੀ ਅੱਜ ਦੇ ਲਾਕਡਾਊਨ ਨਾਇਕ ਨੇ। ਇਸ ਜੋੜੇ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ ਤੇ ਇਹ ਜਾਣਦੇ ਹਨ ਕਿ ਇੱਥੇ ਅਜਿਹੇ ਲੋਕ ਹਨ ਜਿਹੜੇ ਗੱਡੀ ਨਹੀਂ ਚਲਾ ਸਕਦੇ, ਤੁਰ ਨਹੀਂ ਸਕਦੇ ਤੇ ਨਾ ਹੀ ਘਰੋਂ ਬਾਹਰ ਆ ਸਕਦੇ ਹਨ। ਇਹ ਵੇਲਾ ਹੈ ਕਿ ਆਪਣਾ ਬਣਦਾ ਸਰਦਾ ਹਿੱਸਾ ਪਾਈਏ।

ਇਸ ਜੋੜੇ ਨੇ ਰਸੋਈ ਲਈ ਸਾਮਾਨ ਲੈਣ ਜਾਣ ਤੋਂ ਅਸਮਰੱਥ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਸੋਸ਼ਲ ਮੀਡੀਆ ਤੇ ਸਥਾਨਕ ਭਾਈਚਾਰੇ ਦੇ ਗਰੁੱਪਾਂ ਦਾ ਸਹਾਰਾ ਲਿਆ ਹੈ। ਫੇਸਬੁੱਕ ’ਤੇ ਇਕ ਗਰੁੱਪ ’ਚ ਭਾਰਤੀ ਭਾਈਚਾਰੇ ਦੇ ਆਕਲੈਂਡ ’ਚ 31,000 ਮੈਂਬਰ ਹਨ।

ਲੋੜ ਮੁਤਾਬਕ ਇਹ ਜੋੜਾ ਮਹੀਨੇ ਕੁ ਜੋਗਾ ਰਾਸ਼ਨ ਇਕ ਘਰ ਦੇ ਆਉਂਦਾ ਹੈ ਜਿਸ ’ਚ ਲੈਂਟਿਲਜ਼ (ਦਾਲ), ਚੌਲ, ਤੇਲ, ਆਲੂ ਤੇ ਪਿਆਜ਼ ਹੁੰਦੇ ਹਨ। ਕੁਝ ਲੋਕਾਂ ਦੀ ਆਂਡਿਆਂ, ਦੁੱਧ, ਬਰੈੱਡ, ਪੱਕੀਆਂ ਫਲੀਆਂ ਤੇ ਦਹੀਂ ਦੀ ਮੰਗ ਹੁੰਦੀ ਹੈ। ਜਿਓਤੀ ਸਾਮਾਨ ਖ਼ਰੀਦਦੀ ਹੈ ਤੇ ਫਿਰ ਇਹ ਜੋੜਾ ਅਗਾਊਂ ਫੋਨ ਕਰਕੇ ਲੋੜਵੰਦਾਂ ਦੇ ਦਰਾਂ ’ਤੇ ਜਾ ਕੇ ਡਲਿਵਰੀ ਕਰਦਾ ਹੈ। ਇਨ੍ਹਾਂ ਕਦੀ ਲੋੜਵੰਦਾਂ ਨੂੰ ਆਹਮੋ-ਸਾਹਮਣੇ ਵੀ ਨਹੀਂ ਦੇਖਿਆ ਪਰ ਬਾਅਦ ਵਿਚ ਲੋਕ ਫੋਨ ਕਰਕੇ ਇਨ੍ਹਾਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕਰਦੇ ਹਨ।

ਰਾਹਲ ਦੱਖਣੀ ਆਕਲੈਂਡ ’ਚ ਆਪਣੇ ਦਾਨੀ ਸੁਭਾਅ ਲਈ ਜਾਣਿਆ ਜਾਂਦਾ ਹੈ। ਉਹ ਲਾਈਫ ਵਿਜ਼ਨ ਸੁਸਾਇਟੀ ਦਾ ਫਾਊਂਡਰ ਹੈ ਜੋ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਦੀ ਹੈ। 2017 ’ਚ ਇਸ ਸੁਸਾਇਟੀ ਨੇ ਪਾਪਾਟੋਏਟੋਏ ਵਿਚ ਇਕ ਇਮਾਰਤ ਖ਼ਰੀਦੀ ਤੇ ਇਸ ਨੂੰ ਭਾਈਚਾਰੇ ਦੀਆਂ ਸਰਗਰਮੀਆਂ ਦਾ ਕੇਂਦਰ ਬਣਾ ਦਿੱਤਾ। ਨਾਲ ਹੀ ਇਕ ਰਸੋਈ ਤੇ ਬੇਘਰਿਆਂ ਲਈ ਆਰਜ਼ੀ ਸਹਾਰੇ ਵਜੋਂ ਵੀ ਇਸ ਕੇਂਦਰ ਵਿਚ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਕ ਵੱਡਾ ਹਾਲ ਹੈ, ਕਈ ਨਿੱਕੇ ਕਮਰੇ ਹਨ ਤੇ ਮੁਫ਼ਤ ਵਾਈ-ਫਾਈ ਕੁਨੈਕਸ਼ਨ ਹੈ। ਇਕ ਕਮਰੇ ’ਚ ਤਿੰਨ ਸਿੰਗਲ ਬੈੱਡ ਹਨ ਜਿਹੜੇ ਬੇਘਰਿਆਂ ਲਈ ਆਰਜ਼ੀ ਠਾਹਰ ਵਜੋਂ ਕੰਮ ਆਉਂਦੇ ਹਨ। ਇਨ੍ਹਾਂ ਬੇਘਰੇ ਲੋਕਾਂ ਦੇ ਨਹਾਉਣ-ਧੋਣ ਲਈ ਮੁਕੰਮਲ ਪ੍ਰਬੰਧ ਨੇ ਅਤੇ ਰਸੋਈ ਦੀ ਸਹੂਲਤ ਵੀ ਹੈ।

ਦਵਿੰਦਰ ਸਿੰਘ ਰਾਹਲ ਆਕਲੈਂਡ ਸਿੱਖ ਸੁਸਾਇਟੀ ਦੇ ਵੀ ਮੁੱਢਲੇ ਮੈਂਬਰ ਹਨ ਤੇ ਆਕਲੈਂਡ ’ਚ ਵੱਸਦੇ ਸਿੱਖਾਂ ਦੀ ਇਮਦਾਦ ਲਈ ਉਨ੍ਹਾਂ ਬੇਹੱਦ ਕੰਮ ਕੀਤਾ ਹੈ। ਬਾਂਬੇ ਤੇ ਪਾਪਾਟੋਏਟੋਏ ’ਚ ਗੁਰਦੁਆਰਾ ਬਣਵਾਉਣ ਲਈ ਵੀ ਉਨ੍ਹਾਂ ਨੇ ਅਹਿਮ ਰੋਲ ਨਿਭਾਇਆ। ਅੰਬੇਡਕਰ ਸਪੋਰਟਸ ਤੇ ਕਲਚਰਲ ਕਲੱਬ ਦੀ ਵੀ ਉਨ੍ਹਾਂ ਬਹੁਤ ਮਦਦ ਕੀਤੀ ਹੈ। ਉਹ ਨਿਊਜ਼ੀਲੈਂਡ ਹੈਲਪਿੰਗ ਹੈਂਡ ਸੁਸਾਇਟੀ ਦੇ ਵੀ ਚੇਅਰਪਰਸਨ ਹਨ। ਇਹ ਸੰਸਥਾ ਸਥਾਨਕ ਭਾਈਚਾਰੇ ਦੀ ਬਿਹਤਰੀ ਲਈ ਕਾਰਜ ਕਰਦੀ ਹੈ।

ਰਾਹਲ ਜਸਟਿਸ ਆਫ ਪੀਸ ਵੀ ਹੈ ਤੇ ਭਾਰਤੀ ਲੋਕਾਂ ਪ੍ਰਤੀ ਸੇਵਾਵਾਂ ਲਈ 2012 ਵਿਚ ਕੁਈਨਜ਼ ਸਰਵਿਸ ਮੈਡਲ ਨਾਲ ਸਨਮਾਨਿਤ ਹੋ ਚੁੱਕਾ ਹੈ। ਦਵਿੰਦਰ ਸਿੰਘ ਰਾਹਲ ਨਾਲ ਫੋਨ ਨੰਬਰ 0273711111 ’ਤੇ ਰਾਬਤਾ ਕੀਤਾ ਜਾ ਸਕਦਾ ਹੈ।

Posted By: Jagjit Singh