ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ `ਚ ਇਕ ਪੰਜਾਬੀ ਨੌਜਵਾਨ ਨੇ ਆਪਣੀ ਜਾਨ `ਤੇ ਖੇਡ ਕੇ ਇੱਕ ਵਿਅਕਤੀ ਨੂੰ ਡੁਬਣੋਂ ਬਚਾ ਲਿਆ। ਉਸਦੇ ਹੌਂਸਲੇ ਭਰੇ ਕਦਮ ਨੂੰ ਪੁਲਿਸ ਨੇ ਸ਼ਲਾਘਯੋਗ ਦੱਸਿਆ ਹੈ ਕਿ ਇਕ ਅਣਹੋਣੀ ਘਟਨਾ ਵਾਪਰਨ ਤੋਂ ਟਲ ਗਈ। ਪੁਲਿਸ ਨੇ ਪ੍ਰਸ਼ੰਸਾ ਪੱਤਰ ਸੌਂਪ ਕੇ ਉਸਦਾ ਧੰਨਵਾਦ ਕੀਤਾ ਹੈ। ਹਾਲਾਂਕਿ ਪੁਲਿਸ ਨੂੰ ਰੋਸ ਵੀ ਹੈ ਕਿ ਕਈ ਲੋਕ ਮਦਦ ਕਰਨ ਦੀ ਥਾਂ ਵੀਡੀਓ ਹੀ ਬਣਾਉਂਦੇ ਰਹੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੁਝ ਦਿਨ ਪਹਿਲਾਂ ਰਾਜਧਾਨੀ ਵਲੰਗਿਟਨ ਨੇੜੇ ਪੋਰੀਰੂਆ `ਚ ਵਾਪਰੀ ਸੀ। ਜਿੱਥੇ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ `ਤੇ ਬੈਠੇ ਕੁੱਝ ਖਾ-ਪੀ ਰਹੇ ਸਨ। ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਵਿਅਕਤੀ ਪਾਣੀ `ਚ ਡੁੱਬ ਰਿਹਾ ਸੀ। ਪਾਣੀ `ਚ ਤਰਨਾ ਨਾ ਜਾਨਣ ਦੇ ਬਾਵਜੂਦ ਸੁਖਵਿੰਦਰ ਸਿੰਘ ਤੁਰੰਤ ਆਪਣੇ ਕੱਪੜੇ ਲਾਹ ਕੇ ਪਾਣੀ ਵੜ੍ਹ ਗਿਆ ਅਤੇ ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਲਿਆਂਦਾ। ਇਸੇ ਦੌਰਾਨ ਉਸਦੀ ਪਤਨੀ ਉਰੀਆਨਾ ਕੌਰ ਨੇ ਐਮਰਜੈਸੀ ਸੇਵਾਵਾਂ ਵਾਸਤੇ ਫ਼ੋਨ ਕਰ ਦਿੱਤਾ ਅਤੇ ਪੁਲੀਸ ਮੌਕੇ `ਤੇ ਪੁੱਜ ਗਈ। ਮੁੱਢਲੀ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿਸ ਪਿੱਛੋਂ ਪੁਲਿਸ ਨੇ ਏਰੀਆ ਕਮਾਂਡਰਜ਼ ਸਰਟੀਫਿਕੇਟ ਆਫ ਐਪਰੀਸੀਏਸ਼ਨ ਦਿੱਤਾ ਹੈ।

ਸੁਖਵਿੰਦਰ ਸਿੰਘ ਵੱਲੋਂ ਲਏ ਗਏ ਦਲੇਰੀ ਭਰੇ ਫ਼ੈਸਲੇ ਦੀ ਪ੍ਰਸੰਸਾ ਕਰਦਿਆਂ ਨਿਊਜ਼ੀਲੈਂਡ ਪੁਲੀਸ ਦੇ ਐਕਟਿੰਗ ਏਰੀਆ ਕਮਾਂਡਰ, ਇੰਸਪੈਕਟਰ ਨਿਕ ਥੋਮ ਦਾ ਕਹਿਣਾ ਹੈ ਕਿ ਕਮਿਊਨਿਟੀ ਨੂੰ ਸਰੁੱਖਿਅਤ ਰੱਖਣ ਲਈ ਪੁਲਿਸ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਸੁਖਵਿੰਦਰ ਸਿੰਘ ਨੇ ਤਰਨਾ ਨਾ ਜਾਣਦੇ ਹੋਣ ਦੇ ਬਾਵਜੂਦ ਇਕ ਵਿਅਕਤੀ ਨੂੰ ਡੁੱਬਣੋਂ ਬਚਾ ਲਿਆ ਹੈ। ਜਿਸ ਕਰਕੇ ਕਾਪਿਟੀ-ਮਾਨਾ ਪੁਲੀਸ ਉਸਦੀ ਬਹੁਤ ਧੰਨਵਾਦੀ ਹੈ।

ਪੁਲੀਸ ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਇਹ ਮੰਦਭਾਗੀ ਗੱਲ ਹੈ ਕਿ ਜਦੋਂ ਮਿਸਟਰ ਸਿੰਘ ਇਕ ਡੁੱਬਦੇ ਵਿਅਕਤੀ ਨੂੰ ਬਚਾਅ ਰਿਹਾ ਸੀ ਤਾਂ ਅਜਿਹੇ ਐਮਰਜੈਂਸੀ ਵਾਲੇ ਵਕਤ ਕਈ ਲੋਕ ਮੱਦਦ ਕਰਨ ਦੀ ਥਾਂ ਪਿੱਛੇ ਖੜ੍ਹੇ ਰਹੇ ਅਤੇ ਕਈ ਵੀਡੀਉ ਬਣਾਉਣ `ਚ ਲੱਗੇ ਰਹੇ।

ਦਲੇਰੀ ਭਰੇ ਕਦਮ ਦੀ ਚਰਚਾ ਮੀਡੀਆ `ਚ ਹੋਣ ਪਿੱਛੋਂ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਵੀ ਸੁਖਵਿੰਦਰ ਸਿੰਘ ਦੇ ਮਨੁੱਖਤਾ ਭਰੇ ਕਦਮ ਨੂੰ ਸਲਾਹਿਆ ਜਾ ਰਿਹਾ ਹੈ।

Posted By: Tejinder Thind