ਆਕਲੈਂਡ : ਬੀਤੀ ਰਾਤ ਨਿਊਜ਼ੀਲੈਂਡ ਦੀ ਪ੍ਰਸਿੱਧ ਤੇਲ ਡਿਸਟ੍ਰੀਬਿਊਸ਼ਨ ਕੰਪਨੀ 'ਜ਼ੈਡ' ਵੱਲੋਂ ਸਾਲਾਨਾ ਐਵਾਰਡ ਸਮਾਰੋਹ ਕਰਾਊਨ ਪਲਾਜ਼ਾ ਆਕਲੈਂਡ ਸਿਟੀ ਵਿਖੇ ਕਰਵਾਇਆ ਗਿਆ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ 2500 ਤੋਂ ਵੱਧ ਦਾ ਸਟਾਫ ਰੱਖਣ ਵਾਲੀ ਇਸ ਨੈਸ਼ਨਲ ਕੰਪਨੀ ਨੇ ਇਸ ਵਾਰ ਇਕ ਪੰਜਾਬੀ ਨੌਜਵਾਨ ਮਾਰਸ਼ਲ ਵਾਲੀਆ (27) ਨੂੰ 'ਕਮਿਊਨਿਟੀ ਐਂਡ ਸਸਟੇਨਬਿਲਟੀ ਹੀਰੋ' ਐਵਾਰਡ ਲਈ ਚੁਣਿਆ। ਇਹ ਐਵਾਰਡ ਉਸ ਸਮਾਜਿਕ ਕਾਰਜ ਕਰਤਾ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਸਮਾਜਿਕ ਕਾਰਜ ਕਦੇ ਰੁਕਦੇ ਨਹੀਂ, ਚੱਲਦੇ ਹੀ ਜਾਂਦੇ ਹਨ ਅਤੇ ਨਵੀਆਂ-ਨਵੀਆਂ ਚੁਣੌਤੀਆਂ ਨੂੰ ਸਵੀਕਾਰਦੇ ਹੋਏ ਕਦਮ ਅੱਗੇ ਵੱਧਦੇ ਜਾਂਦੇ ਹਨ। ਇਸ ਮੌਕੇ ਭਾਵੁਕ ਹੁੰਦਿਆਂ ਮਾਰਸ਼ਲ ਵਾਲੀਆ ਜਿਸ ਦਾ ਜੱਦੀ ਪਿੰਡ ਬਨੂੜ ਜ਼ਿਲ੍ਹਾ ਪਟਿਆਲਾ ਹੈ, ਨੇ ਇਕੱਤਰ ਹੋਏ ਕੰਪਨੀ ਸਟਾਫ ਨੂੰ ਵੀ ਸੰਬੋਧਨ ਕੀਤਾ ਅਤੇ ਇਸ ਕਾਰਜ ਤੋਂ ਮਿਲਦੀ ਸੰਤੁਸ਼ਟੀ ਬਾਰੇ ਦੱਸਿਆ। ਸਮਾਜਿਕ ਕਾਰਜ ਹੀਰੋ ਵੀ ਬਣਾਉਦੇ ਹਨ ਇਹ ਮਾਰਸ਼ਲ ਵਾਲੀਆ ਨੇ ਸਿੱਧ ਕਰਕੇ ਇਕ ਸੁਨੇਹਾ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਤਾਂਕਿ ਹੋਰ ਲੋਕ ਵੀ ਸਮਾਜਿਕ ਕਾਰਜਾਂ ਦਾ ਹਿੱਸਾ ਬਣਨ। ਵਰਣਨਯੋਗ ਹੈ ਕਿ ਮਾਰਸ਼ਲ ਵਾਲੀਆ ਇਕੋ-ਇਕ ਪੰਜਾਬੀ ਨੌਜਵਾਨ ਹੈ ਜੋ ਵੱਖ-ਵੱਖ ਸੰਸਥਾਵਾਂ ਅਤੇ ਆਕਲੈਂਡ ਕੌਂਸਲ ਦੇ ਸਹਿਯੋਗ ਨਾਲ ਵਾਤਾਵਰਨ ਲਈ ਪੌਦੇ ਲਗਾਉਣ 'ਚ ਵੱਧ-ਚੜ੍ਹ ਕੇ ਸਹਿਯੋਗ ਕਰਦਾ ਹੈ।

ਮਾਰਸ਼ਲ ਵਾਲੀਆ 'ਆਇਗਾ ਅਨਰਜ਼ੀ' ਨਾਂਅ ਦੀ ਉਦਮੀ ਕੰਪਨੀ ਦੇ ਨਾਲ ਸਾਊਥ ਅੌਕਲੈਂਡ ਵਿਚ ਆਪ੍ਰੇਸ਼ਨ ਮੈਨੇਜਰ ਵਜੋਂ ਕੰਮ ਕਰਦਾ ਹੈ ਅਤੇ 7 ਪੈਟਰੋਲ ਸਟੇਸ਼ਨ ਇਸ ਕੰਪਨੀ ਕੋਲ ਹਨ।