ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਨਿਊਜ਼ੀਲੈਂਡ 'ਚ ਹਰ ਸਾਲ ਬਿ੍ਟੇਨ ਦੀ ਮਹਾਰਾਣੀ ਦੇ ਨਾਂ 'ਤੇ ਵੱਖ-ਵੱਖ ਐਵਾਰਡ ਦਿੱਤੇ ਜਾਂਦੇ ਹਨ ਜਿਨ੍ਹਾਂ ਵਿਚ ਧੀਆਂ ਨੂੰ ਦਿੱਤਾ ਜਾਣਾ ਵਾਲਾ ਇਕ ਵਕਾਰੀ ਐਵਾਰਡ ਹੈ 'ਕੁਈਨਜ਼ ਗਾਈਡ' ਐਵਾਰਡ।

ਇਹ ਨੌਜਵਾਨ ਬੱਚੀਆਂ ਉਹ ਹੁੰਦੀਆਂ ਹਨ ਜੋ ਸਥਾਨਕ ਲੋਕਾਂ ਅਤੇ ਕਮਿਊਨਿਟੀ ਲਈ ਮਾਰਗ ਦਰਸ਼ਕ ਬਣਨ ਦੇ ਯੋਗ ਹੁੰਦੀਆਂ ਹਨ। ਇਹ ਐਵਾਰਡ ਹਰ ਸਾਲ ਬਿ੍ਟੇਨ ਦੀ ਰਾਣੀ ਦੀ ਨੁਮਾਇੰਦਗੀ ਕਰਦੇ ਦੇਸ਼ ਦੇ ਗਵਰਨਰ ਜਨਰਲ ਵੱਲੋਂ ਦਿੱਤਾ ਜਾਂਦਾ ਹੈ। ਅੱਜ ਇਹ ਰਾਸ਼ਟਰ ਪੱਧਰ ਦਾ 'ਗਰਲਗਾਈਡਿੰਗ ਨਿਊਜ਼ੀਲੈਂਡ' ਐਵਾਰਡ ਵੰਡ ਸਮਾਰੋਹ ਗਵਰਨਰ ਹਾਊਸ ਆਕਲੈਂਡ ਵਿਖੇ ਹੋਇਆ ਜਿਥੇ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਡੇਮ ਪੈਟਸੇ ਰੈਡੀ ਵੱਲੋਂ ਇਹ ਐਵਾਰਡ ਤਕਸੀਮ ਕੀਤੇ ਗਏ।

25 ਦੇ ਕਰੀਬ ਦੇਸ਼ ਦੀਆਂ ਧੀਆਂ ਨੂੰ ਇਸ ਉੱਚ ਪੱਧਰੀ ਐਵਾਰਡ ਲਈ ਚੁਣਿਆ ਗਿਆ ਸੀ ਜਿਸ ਵਿਚ ਇਕੋ-ਇਕ 17 ਸਾਲਾ ਭਾਰਤੀ (ਪੰਜਾਬੀ) ਕੁੜੀ ਈਸ਼ਾ ਸਿੰਘ ਇਹ ਵਕਾਰੀ ਐਵਾਰਡ ਤਕ ਪਹੁੰਚ ਬਣਾਉਣ ਵਿਚ ਕਾਮਯਾਬ ਰਹੀ। ਮਾਣਯੋਗ ਗਵਰਨਰ ਜਨਰਲ ਨੇ ਰਾਣੀ ਦੇ ਤਾਜ ਵਾਲਾ ਬੈਜ ਕੁੜੀ ਦੇ ਗਲ਼ ਵਿਚ ਪਾਏ ਗਏ ਰਸਮੀ ਗੂੜੇ ਲਾਲ ਰੰਗ ਦੇ ਰੀਬਨ (ਸਕਾਰਫ) 'ਤੇ ਸਜਾਇਆ।

ਈਸ਼ਾ ਸਿੰਘ ਹਾਵਕ ਕਾਲਜ ਵਿਖੇ 13ਵੇਂ ਸਾਲ ਦੀ ਪੜ੍ਹਾਈ ਪੂਰੀ ਕਰ ਰਹੀ ਹੈ। ਸਕੂਲ ਦੇ ਕਈ ਕਮਿਊਨਿਟੀ ਪ੍ਰਰਾਜੈਕਟਾਂ ਵਿਚ ਇਸ ਕੁੜੀ ਨੇ ਕਈ ਵਾਰ ਆਊਟਸਟੈਡਿੰਗ ਪਰਫਾਰਮੈਂਸ ਦਿੱਤੀ ਹੈ। ਕਾਲਜ ਦੇ ਵਿਚ ਇਹ ਕੁੜੀ ਕਲਚਰਲ ਕੌਂਸਲ ਲੀਡਰ ਵੀ ਹੈ। ਚੈਰੀਟੇਬਲ ਅਤੇ ਵਾਤਾਵਰਨ ਸੰਭਾਲ ਪ੍ਰੋਗਰਾਮ ਦੇ ਵਿਚ ਵੀ ਇਹ ਕੁੜੀ ਭਾਗ ਲੈਂਦੀ ਰਹੀ ਹੈ। ਇਸ ਕੁੜੀ ਦੇ ਪਿਤਾ ਪਰਮਿੰਦਰ ਸਿੰਘ ਇਕ ਤਜਰਬੇਕਾਰ ਰੇਡੀਓ ਪੇਸ਼ਕਾਰ, ਪੁਲਿਸ ਐਡਵਾਈਜ਼ਰ ਅਤੇ ਜਸਟਿਸ ਆਫ ਦਾ ਪੀਸ ਹਨ ਅਤੇ ਮਾਤਾ ਮਨਦੀਪ ਕੌਰ ਅਧਿਆਪਨ ਦੇ ਕਿੱਤੇ 'ਚ ਹੈ।