ਅਵਤਾਰ ਸਿੰਘ ਟਹਿਣਾ, ਆਕਲੈਂਡ : ਪੰਜਾਬ ਬੈਠੇ ਲੋਕਾਂ ਨੂੰ ਵਰਕ ਪਰਮਿਟ ਦੇ ਨਾਂ ’ਤੇ ਨਿਊਜ਼ੀਲੈਂਡ ਦੇ ਪੰਜਾਬੀ ਕਾਰੋਬਾਰੀਆਂ ਨੇ ਨੌਕਰੀਆਂ ਵੇਚਣ ਦਾ ‘ਕਾਲਾ ਧੰਦਾ’ ਵੀ ਸ਼ੁਰੂ ਕਰ ਦਿੱਤਾ ਹੈ। ਇੱਕ-ਇੱਕ ਜੌਬ ਆਫਰ ਬਦਲੇ 18-18 ਲੱਖ ਤੋਂ 30-30 ਲੱਖ ’ਚ ਸੌਦੇ ਹੋ ਰਹੇ ਹਨ। ਭਾਰਤੀ ਭਾਈਚਾਰੇ ਦੇ ਆਗੂਆਂ ਨੇ ਡਰ ਪ੍ਰਗਟ ਕੀਤਾ ਹੈ ਕਿ ਅਜਿਹੇ ਕਾਰਨਾਮਿਆਂ ਨਾਲ ਭਵਿੱਖ ’ਚ ਨੁਕਸਾਨ ਹੋ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ‘ਐਕਰੀਡੀਟਿਡ ਇੰਪਲਾਇਰ ਅਸਿਸਟਿਡ ਵੀਜ਼ੇ’ ਲਈ ‘ਨੌਕਰੀਆਂ’ ਵੇਚਣ ਦਾ ਇਹ ਧੰਦਾ ਕਈ ਹਫ਼ਤੇ ਪਹਿਲਾਂ ਸ਼ੁਰੂ ਹੋਇਆ ਸੀ, ਜਿਸ ਤਹਿਤ ਨਿਊਜ਼ੀਲੈਂਡ ਦੇ ‘ਪੰਜਾਬੀ ਕਾਰੋਬਾਰੀਆਂ’ ਤੋਂ ਇਲਾਵਾ ਭਾਰਤ ’ਚ ਬੈਠੇ ‘ਟਰੈਵਲ ਏਜੰਟ’ ਵੀ ਚਾਂਦੀ ਕੁੱਟ ਰਹੇ ਹਨ। ਅਜਿਹੇ ਹੀ ਇਕ ਏਜੰਟ ਨੇ ਇਕ ਕੰਪਨੀ ਲਈ ਜ਼ੂਮ ਮੀਟਿੰਗ ਰਾਹੀਂ ਇੰਗਲਿਸ਼ ਜਾਣਨ ਵਾਲੇ ਵਰਕਰ ਦੀ ਇੰਟਰਵਿਊ ਕਰਵਾ ਦਿੱਤੀ ਤੇ ਬਾਅਦ ’ਚ ਕੋਈ ਹੋਰ ਵਰਕਰ ਨਿਊਜ਼ੀਲੈਂਡ ਭੇਜ ਦਿੱਤਾ, ਜਿਸਨੇ ਪਿਛਲੇ ਦਿਨੀਂ ਟਾਕਾਨਿਨੀ ਗੁਰੂਘਰ ਆ ਕੇ ਖੁਲਾਸਾ ਕੀਤਾ ਸੀ ਕਿ ਉਸਨੇ 15 ਲੱਖ ਰੁਪਏ ਦੇ ਕੇ ਜੌਬ ਆਫ਼ਰ ਲਈ ਸੀ।

ਇਸ ਗੋਰਖਧੰਦੇ ’ਚ ਇਕ ਪੰਜਾਬੀ ਕਾਰੋਬਾਰੀ ਪਰਿਵਾਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ, ਜਿਸ ’ਤੇ ਦੋਸ਼ ਲੱਗ ਰਹੇ ਹਨ ਕਿ ਇਸ ਪਰਿਵਾਰ ਨੇ 18 ਨੌਕਰੀਆਂ ਲਈ 18-18 ਲੱਖ ਰੁਪਏ ਕੀਮਤ ਰੱਖ ਦਿੱਤੀ ਹੈ। ਅਜਿਹੇ ਹੀ ਇਕ ਹੋਰ ਪਰਿਵਾਰ ਬਾਰੇ ਚਰਚਾ ਚੱਲ ਰਹੀ ਕਿ ਉਸਨੇ ਨੌਕਰੀ ਦੀ ਪੇਸ਼ਕਸ਼ ਦੇਣ ਬਦਲੇ ਕੀਮਤ 30 ਲੱਖ ਰੁਪਏ ਰੱਖ ਦਿੱਤੀ ਹੈ।

ਇਥੋਂ ਦੇ ਹੇਸਟਿੰਗਜ਼ ਟਾਊਨ ਦਾ ਵੀ ਇਕ ਹੋਰ ਕਿੱਸਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਇਕ ਪੰਜਾਬੀ ਡਰਾਈਵਰ ਨੇ ਆਪਣੇ ਫਿਜ਼ੀ ਮੂਲ ਦੇ ਕੰਪਨੀ ਮਾਲਕ ਨਾਲ ਅੱਟੀ-ਸੱਟੀ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਲਕ ਨੂੰ 10 ਡਰਾਈਵਰਾਂ ਦੀ ਲੋੜ ਸੀ। ਇਸ ਸਬੰਧ ’ਚ ਉਸਦੇ ਪੰਜਾਬੀ ਡਰਾਈਵਰ ਨੇ ਮਾਲਕ ਨੂੰ ਲਾਲਚ ਦਿੱਤਾ ਸੀ ਕਿ ਉਹ ਨੌਕਰੀ ਪੇਸ਼ਕਸ਼ ਵਾਲੀ ਚਿੱਠੀ ਦੇਣ ਬਦਲੇ 5-5 ਹਜ਼ਾਰ ਡਾਲਰ ਵੀ ਦਿਵਾ ਦੇਵੇਗਾ।

ਅਜਿਹੇ ’ਚ ਕਈ ਕਾਰੋਬਾਰੀ ਲਾਲਚ ’ਚ ਆ ਕੇ ਆਪਣੇ ਸਾਲਾਂ ਪੁਰਾਣੇ ਕਾਮਿਆਂ ਦੀ ਨੌਕਰੀਆਂ ਤੋਂ ਛੁੱਟੀ ਕਰ ਰਹੇ ਹਨ ਅਤੇ ਪੰਜਾਬ ’ਚ ਬੈਠੇ ਲੋਕਾਂ ਨੂੰ ‘ਨੌਕਰੀ ਦੀ ਪੇਸ਼ਕਸ਼ ਵਾਲੀਆਂ ਚਿੱਠੀਆਂ’ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕਰਨ ਪਾਸੇ ਸਰਗਰਮ ਹੋ ਗਏ ਹਨ।

ਦੂਜੇ ਪਾਸੇ, ਨਿਊਜ਼ੀਲੈਂਡ ਦੇ 25 ਗੁਰੂਘਰਾਂ ਤੇ ਕਰੀਬ 75 ਹਜ਼ਾਰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਕੱਤਰ ਜਨਰਲ ਕਰਮਜੀਤ ਸਿੰਘ ਤਲਵਾੜ ਨੇ ਅਜਿਹੀ ਪਿਰਤ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਆਖਿਆ ਹੈ ਕਿ ਅਜਿਹੇ ਕਾਲੇ ਧੰਦੇ ਨੂੰ ਬੰਦ ਕਰਨ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਐਥਨਿਕ ਕਮਿਊਨਿਟੀਜ਼ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਕਮਿਊਨਿਟੀ ਆਗੂਆਂ ਨੇ ਅਪੀਲ ਕੀਤੀ ਹੈ ਜਿਹੜੇ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਉਹ ਸਬੂਤ ਲੈ ਕੇ ਸਿੱਖ ਐਸੋਸੀਏਸ਼ਨ ਦੇ ਆਗੂਆਂ ਨੂੰ ਮਿਲ ਕੇ ਆਪਣਾ ਦਰਦ ਦੱਸ ਸਕਦੇ ਹਨ ਤਾਂ ਜੋ ‘ਜੌਬ ਆਫਰਾਂ’ ਵੇਚਣ ਵਾਲਿਆਂ ਦਾ ਚਿਹਰਾ ਜਨਤਕ ਕੀਤਾ ਜਾ ਸਕੇ, ਜੋ ਸਮੁੱਚੇ ਭਾਰਤੀ ਭਾਈਚਾਰੇ ਲਈ ਸਿਰਦਰਦੀ ਬਣ ਰਹੇ ਹਨ।

Posted By: Tejinder Thind