ਅਵਤਾਰ ਸਿੰਘ ਟਹਿਣਾ, ਆਕਲੈਂਡ : ਇੱਥੋਂ ਦੇ ਦੋ ਪੰਜਾਬੀ ਭਰਾਵਾਂ ਨੇ ਨਿਊਜ਼ੀਲੈਂਡ ਦੇ ਡੇਅਰੀ ਫਾਰਮਿੰਗ ’ਚ ਵਧੀਆ ਉੱਦਮ ਕਰਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਕੌਮੀ ਪੱਧਰ ਦਾ ਐਵਾਰਾਡ ਤੇ 50 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਪੁਰਸਕਾਰ ਨਿਊਜ਼ੀਲੈਂਡ ਦੇ ਖੇਤੀਬਾੜੀ ਮੰਤਰੀ ਡੈਨੀਅਨ ਓ’ਕੌਰਨਰ ਦੀ ਮੌਜੂਦਗੀ ’ਚ ਦਿੱਤਾ ਗਿਆ। ਮੁਕਾਬਲੇ ’ਚ 250 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ। ਪਹਿਲੀ ਵਾਰ ਹੈ, ਜਦੋਂ ਇਹ ਐਵਾਰਡ ਦੋ ਸਕੇ ਭਰਾਵਾਂ ਨੂੰ ਦਿੱਤਾ ਗਿਆ ਹੈ। ਪਾਲਮਰਟਸਨ ਨੌਰਥ ਨੇੜੇ ਛੋਟੇ ਜਿਹੇ ਟਾਊਨ ਪਾਈਆ ਟੂਆ ’ਚ ਵਸਦੇ ਮਨੋਜ ਕੰਬੋਜ ਤੇ ਸੁਮੀਤ ਕੰਬੋਜ 760 ਗਾਵਾਂ ਦਾ ਸ਼ੇਅਰਡ ਡੇਅਰੀ ਫਾਰਮਿੰਗ ਸੰਭਾਲਦੇ ਹਨ।

ਮਨੋਜ ਨੇ ਦੱਸਿਆ ਕਿ ਉਹ ਸਾਲ 2010 ’ਚ ਆਕਲੈਂਡ ਵਿਖੇ ਹਾਰਟੀਕਲਚਰ ਦੀ ਪੜ੍ਹਾਈ ਕਰਨ ਆਇਆ ਸੀ। ਟੌਰੰਗਾ ਵਿਖੇ ਉਸਨੇ ਫਾਰਮ ਵਰਕਰ ਵਜੋਂ ਡੇਅਰੀ ਫਾਰਮ ’ਤੇ ਕੰਮ ਸ਼ੁਰੂ ਕੀਤਾ ਸੀ। ਇਸ ਪਿੱਛੋਂ ਤਰੱਕੀ ਕਰਕੇ ਮੈਨੇਜਰ ਬਣ ਗਿਆ ਹੈ। ਇਸ ਪਿੱਛੋਂ ਹੁਣ ਉਹ ਸਾਢੇ 700 ਤੋਂ ਵੱਧ ਗਾਵਾਂ ਦੀ ਸਾਂਭ-ਸੰਭਾਲ ਕਰਦਾ ਹੈ।

ਮਨੋਜ ਨੇ ਇਹ ਵੀ ਦੱਸਿਆ ਕਿ ਉਸਦੇ ਦਾਦਾ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਨਾਲ ਸਬੰਧਤ ਹਨ, ਜੋ ਕਈ ਸਾਲ ਪਹਿਲਾਂ ਉਤਰਾਖੰਡ ਦੇ ਬਾਜ਼ੁਪਰ ਜਾ ਕੇ ਸੈਟਲ ਹੋ ਗਏ ਸਨ। ਉਨ੍ਹਾਂ ਦੱਸਿਆ ਹੈ ਕਿ ਪੰਤ ਨਗਰ ਤੋਂ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਕਰਨ ਪਿੱਛੋਂ ਨਿਊਜ਼ੀਲੈਂਡ ਆਇਆ ਸੀ। ਕੰਮ ਦੌਰਾਨ ਕੋਈ ਬਹੁਤੀ ਮੁਸ਼ਕਲ ਪੇਸ਼ ਨਹੀਂ ਆਈ ਕਿਉਂਕਿ ਉਹ ਬਾਜ਼ਪੁਰ ’ਚ ਆਪਣੇ ਜੱਦੀ ਪਰਿਵਾਰ ਨਾਲ ਵੀ ਖੇਤੀਬਾੜੀ ’ਚ ਹੱਥ ਵਟਾਉਂਦਾ ਰਿਹਾ ਸੀ। ਮਨੋਜ ਨੇ ਦੱਸਿਆ ਕਿ ਉਸਦੇ ਪਿਤਾ ਗਿਆਨ ਚੰਦ ਕੰਬੋਜ ਅਤੇ ਮਾਤਾ ਕੌਸ਼ੱਲਿਆ ਤੋਂ ਇਲਾਵਾ ਇੱਕ ਛੋਟਾ ਭਰਾ ਉਤਰਾਖੰਡ ਰਹਿੰਦਾ ਹੈ।

ਮਨੋਜ ਨੇ ਨਵੇਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿਹਾ ਕਿ ਨਿਊਜ਼ੀਲੈਂਡ ’ਚ ਤਰੱਕੀ ਦੇ ਬਹੁਤ ਵੱਡੇ ਮੌਕੇ ਹਨ। ਜਿਨ੍ਹਾਂ ਰਾਹੀਂ ਵੱਡੀਆਂ ਮੰਜ਼ਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸ਼ੁਰੂ ’ਚ ਕੁੱਝ ਮੁਸ਼ਕਲਾਂ ਜ਼ਰੂਰ ਹੁੰਦੀਆਂ ਹਨ ਪਰ ਮਿਹਨਤ ਦੀਆਂ ਪੌੜੀਆਂ ਰਾਹੀਂ ਮੰਜ਼ਲ ’ਤੇ ਪੁੱਜ ਕੇ ਸਭ ਦੁੱਖ ਭੁੱਲ ਜਾਂਦੇ ਹਨ।

ਮਹਿਲਾ ਮੁਲਾਜ਼ਮ ਨਾਲ ਸਬੰਧਾਂ ਕਾਰਨ ਬਿੱਲ ਗੇਟਸ ਨੇ ਛੱਡੀ ਸੀ ਮਾਈਕ੍ਰੋਸਾਫਟ

ਨਿਊਯਾਰਕ (ਏਜੰਸੀਆਂ) : ਅਮਰੀਕਾ ਦੀ ਦਿੱਗਜ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿੱਲ ਗੇਟਸ ਬਾਰੇ ਇਕ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਕੰਪਨੀ ਦੀ ਇਕ ਮਹਿਲਾ ਮੁਲਾਜ਼ਮ ਨਾਲ ਉਨ੍ਹਾਂ ਦੇ ਸੰਨ 2000 ਤੋਂ ਸਬੰਧ ਸਨ। ਇਸ ਕਾਰਨ 2020 ’ਚ ਕੰਪਨੀ ਬੋਰਡ ਦੇ ਮੈਂਬਰਾਂ ਦੇ ਦਬਾਅ ’ਚ ਉਨ੍ਹਾਂ ਨੇ ਮਾਈਕ੍ਰੋਸਾਫਟ ਨਾਲੋਂ ਰਿਸ਼ਤਾ ਤੋੜ ਲਿਆ ਸੀ। ਜ਼ਿਕਰਯੋਗ ਹੈ ਕਿ ਬਿੱਲ ਗੇਟਸ ਨੇ ਇਸੇ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਐਲਾਨ ਕੀਤਾ ਹੈ।

ਦਿ ਵਾਲ ਸਟਰੀਟ ਜਰਨਲ ’ਚ ਸੂਤਰਾਂ ਦੇ ਹਵਾਲੇ ਨਾਲ ਐਤਵਾਰ ਨੂੰ ਛਪੀ ਇਕ ਰਿਪੋਰਟ ਮੁਤਾਬਕ ਕੰਪਨੀ ਦੀ ਇਕ ਮਹਿਲਾ ਇੰਜੀਨੀਅਰ ਨੇ ਆਪਣੇ ਪ੍ਰਮੁੱਖ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਗੇਟਸ ਨਾਲ ਕਈ ਸਾਲਾਂ ਤੋਂ ਚੱਲ ਰਹੇ ਜਿਨਸੀ ਸਬੰਧਾਂ ਦੀ ਜਾਣਕਾਰੀ ਦਿੱਤੀ ਸੀ। ਇਸ ’ਤੇ ਕੰਪਨੀ ਦੇ ਬੋਰਡ ਮੈਂਬਰਾਂ ਨੇ 2019 ’ਚ ਇਕ ਲਾਅ ਫਰਮ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਈ। ਜਾਂਚ ’ਚ ਦਮ ਪਾਏ ਜਾਣ ’ਤੇ ਬੋਰਡ ਨੇ ਤੈਅ ਕੀਤਾ ਕਿ ਇਸ ਸਥਿਤੀ ’ਚ ਬਿੱਲ ਗੇਟਸ ਦਾ ਬੋਰਡ ਦੀ ਬੈਠਕਾਂ ’ਚ ਹਿੱਸਾ ਲੈਣ ਸਹੀ ਨਹੀਂ ਹੈ। ਇਸ ’ਤੇ ਬਿੱਲ ਗੇਟਸ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਉਦੋਂ ਤਕ ਜਾਂਚ ਪੂਰੀ ਨਹੀਂ ਹੋ ਸਕੀ ਸੀ। ਇਸ ਮਾਮਲੇ ’ਚ ਗੇਟਸ ਵੱਲੋਂ ਇਕ ਮਹਿਲਾ ਤਰਜਮਾਨ ਨੇ ਕਿਹਾ ਕਿ ਇਹ ਸਬੰਧ 20 ਸਾਲ ਪਹਿਲਾਂ ਬਣੇ ਸਨ ਤੇ ਆਪਸੀ ਸਹਿਮਤੀ ਤੋਂ ਬਾਅਦ ਖਤਮ ਵੀ ਹੋ ਗਏ। ਬਿੱਲ ਗੇਟਸ ਨੇ ਪਿਛਲੇ ਸਾਲ ਕੰਪਨੀ ਛੱਡੀ ਸੀ ਤਾਂ ਉਨ੍ਹਾਂ ਨੇ ਲੋਕ-ਹਿਤੈਸ਼ੀ ਕੰਮਾਂ ’ਤੇ ਧਿਆਨ ਦੇਣ ਦੀ ਗੱਲ ਕਹੀ ਸੀ।

Posted By: Sunil Thapa