ਵੇਲਿੰਗਟਨ, ਏਜੰਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੀ ਪਾਰਟੀ ਵੱਲੋਂ ਕਥਿਤ ਯੌਨ ਸ਼ੋਸ਼ਣ ਦੇ ਇਕ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਸਬੰਧੀ ਬੁੱਧਵਾਰ ਨੂੰ ਮਾਫ਼ੀ ਮੰਗੀ। ਲੇਬਰ ਪਾਰਟੀ ਦੇ ਇਕ ਮੁਲਾਜ਼ਮ ਵੱਲੋਂ ਪਿਛਲੇ ਸਾਲ ਪਾਰਟੀ ਦੇ ਇਕ ਸੀਨੀਅਰ ਆਗੂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। 2017 'ਚ ਪੀਐੱਮ ਅਹੁਦਾ ਸੰਭਾਲਣ ਤੋਂ ਬਾਅਦ ਇਹ ਆਰਡਰਨ ਸਰਕਾਰ 'ਤੇ ਲੱਗਿਆ ਸਭ ਤੋਂ ਗੰਭੀਰ ਦੋਸ਼ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਤੋਂ ਗ਼ਲਤੀਆਂ ਹੋਈਆਂ।

ਮਾਮਲੇ ਨੂੰ ਹਲਕੇ 'ਚ ਲਿਆ ਗਿਆ।

ਇਕ ਬਿਆਨ 'ਚ ਉਨ੍ਹਾਂ ਕਿਹਾ ਜਿਸ ਤਰ੍ਹਾਂ ਇਸ ਮਾਮਲੇ ਨੂੰ ਹਲਕੇ 'ਚ ਲਿਆ ਗਿਆ ਉਹ ਅਸਲ 'ਚ ਪਰੇਸ਼ਾਨ ਕਰਨ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ 19 ਸਾਲਾ ਲੜਕੀ ਨੇ ਪਿਛਲੇ ਸਾਲ ਦੋਸ਼ ਲਗਾਇਆ ਸੀ ਕਿ ਪਾਰਟੀ ਦੇ ਸੀਨੀਅਰ ਆਗੂ ਨੇ ਉਸ ਦੇ ਘਰ 'ਚ ਦਾਖ਼ਲ ਹੋ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ।

ਪਾਰਟੀ 'ਚ ਅੰਦਰੂਨੀ ਜਾਂਚ ਕਰਵਾਈ ਗਈ

ਲੜਕੀ ਨੇ ਪਿਛਲੇ ਸਾਲ ਅਕਤੂਬਰ 'ਚ ਇਸ ਦੀ ਸ਼ਿਕਾਇਤ ਲੇਬਰ ਪਾਰਟੀ ਦੇ ਪ੍ਰਧਾਨ ਨਿਗੇਲ ਹਾਵਰਥ ਨੂੰ ਕੀਤੀ ਸੀ। ਇਸ ਤੋਂ ਬਾਅਦ ਪਾਰਟੀ 'ਚ ਅੰਦਰਨੀ ਜਾਂਚ ਕਰਵਾਈ ਗਈ, ਪਰ ਇਸ ਆਦਮੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹਾਵਰਥ ਨੇ ਹਾਲ ਹੀ 'ਚ ਮੰਗਲਵਾਰ ਨੂੰ ਤਰਕ ਦਿੱਤਾ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਦੋਸ਼ਾਂ ਦੀ ਗੰਭੀਰਤਾ ਨਾਲ ਜਾਣੂ ਨਹੀਂ ਕਰਵਾਇਆ।

ਲੜਕੀ ਦੇ ਸਮਰਥਨ 'ਚ ਉਤਰੇ ਕਾਰਕੁਨ

ਪੀੜਤਾ ਲੜਕੀ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਉਸ ਨੇ ਈਮੇਲ ਤੇ ਦਸਤਾਵੇਜ਼ਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਹਾਵਰਥ ਦੇ ਬਿਆਨ ਨੂੰ ਰੱਦ ਕਰ ਦਿੱਤਾ ਹੈ। ਹੋਰ ਕਾਰਕੁਨਾਂ ਨੇ ਵੀ ਲੜਕੀ ਦਾ ਸਮਰਥਨ ਕੀਤਾ ਤੇ ਕਿਹਾ ਕਿ ਉਸ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਹਾਵਰਥ ਦਾ ਅਸਤੀਫ਼ਾ

ਜਾਣਕਾਰੀ ਅਨੁਸਾਰ ਹਾਵਰਥ ਨੂੰ ਆਰਡਨਰ ਦੀ ਜਿੱਤ ਦਾ ਨਾਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਆਰਡਰਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ, 'ਮੈਨੂੰ ਦੱਸਿਆ ਗਿਆ ਕਿ ਇਹ ਮਾਮਲੇ ਯੌਨ ਸ਼ੋਸ਼ਣ ਦਾ ਨਹੀਂ ਹੈ। ਹੁਣ ਜੋ ਦੱਸਿਆ ਜਾ ਰਿਹਾ ਹੈ ਉਸ ਤੋਂ ਬਿਲਕੁਲ ਉਲਟ ਹੈ। ਇਸ ਮਾਮਲੇ ਦੀ ਜਾਂਚ ਲਈ ਇਕ ਵਕੀਲ ਨਿਯੁਕਤ ਕੀਤਾ ਗਿਆ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਿਕਾਇਤ ਕਰਨ ਵਾਲੀ ਲੜਕੀ ਨੂੰ ਮਿਲਣਾ ਚਾਹੁੰਦੀ ਹੈ ਤੇ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਉਸ ਨੂੰ ਨਿਆਂ ਜ਼ਰੂਰ ਮਿਲੇਗਾ।

Posted By: Akash Deep