ਵੇਲਿੰਗਟਨ (ਏਪੀ) : ਨਿਊਜ਼ੀਲੈਂਡ ਵਿਚ ਕਰੀਬ ਡੇਢ ਮਹੀਨੇ ਬਾਅਦ ਸੋਮਵਾਰ ਨੂੰ ਕੋਰੋਨਾ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਨੂੰ ਕੋਰੋਨਾ 'ਤੇ ਇਹ ਜਿੱਤ ਸਖ਼ਤ ਨਿਯਮ ਅਪਣਾਉਣ ਕਾਰਨ ਮਿਲੀ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਏਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਹ ਨਤੀਜਾ ਉਤਸ਼ਾਹਜਨਕ ਹੈ। ਨਿਊਜ਼ੀਲੈਂਡ ਵਿਚ ਹੁਣ ਤਕ ਕੋਰੋਨਾ ਦੇ ਕੁਲ 1,500 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਇਨਫੈਕਸ਼ਨ ਨੂੰ ਫੈਲਣ ਨੂੰ ਰੋਕਣ 'ਚ ਕਾਮਯਾਬ ਹੋਣ ਪਿੱਛੋਂ ਵੀ ਨਿਊਜ਼ੀਲੈਂਡ ਵਿਚ ਲਾਕਡਾਊਨ ਵਿਚ ਫਿਲਹਾਲ ਜ਼ਿਆਦਾ ਛੋਟ ਨਹੀਂ ਦਿੱਤੀ ਗਈ ਹੈ। ਜ਼ਿਆਦਾਤਰ ਪ੍ਰਚੂਨ ਦੁਕਾਨਾਂ ਅਤੇ ਰੈਸਤਰਾਂ ਹੁਣ ਵੀ ਬੰਦ ਹਨ। ਵਿਦਿਆਰਥੀਆਂ ਲਈ ਆਨਲਾਈਨ ਮਾਧਿਅਮ ਰਾਹੀਂ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਨਫੈਕਸ਼ਨ ਫਿਰ ਤੋਂ ਫੈਲਣ ਤੋਂ ਰੋਕਣ ਲਈ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ।