ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : 1970 ਵਿਚ ਸਥਾਪਿਤ ਅਤੇ ਦੁਬਾਰਾ 1997 'ਚ ਪੁਨਰ ਨਿਰਮਾਣ ਬਾਅਦ ਹੋਂਦ ਵਿਚ ਆਈ ਹੈਨਲੇ ਅਤੇ ਪਾਰਟਨਰ ਸਰਵੇ ਕੰਪਨੀ (ਲੰਡਨ) ਨੇ 'ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ' ਦੇ ਡਾਟਾਬੇਸ ਨੂੰ ਆਧਾਰ ਬਣਾ ਕੇ ਸੰਸਾਰ ਭਰ ਦੇ ਪਾਸਪੋਰਟਾਂ ਦੀ ਸ਼ਕਤੀ ਦਾ ਵਿਸ਼ਲੇਸ਼ਣ ਕਰਦਿਆਂ ਅੰਕੜੇ ਜਾਰੀ ਕੀਤੇ ਹਨ ਕਿ ਕਿਹੜੇ ਦੇਸ਼ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ ਅਤੇ ਕਿੰਨੀ ਲੰਬੀ ਛਾਲ ਲਗਾ ਸਕਦਾ ਹੈ। ਦਰਜਾਬੰਦੀ ਅਨੁਸਾਰ ਪਹਿਲੇ ਨੰਬਰ 'ਤੇ ਜਾਪਾਨ, ਸਿੰਗਾਪੁਰ ਆਏ ਹਨ ਜੋ 189 ਦੇਸ਼ਾਂ ਵਿਚ ਵੀਜ਼ਾ ਫ੍ਰੀ ਦਾਖ਼ਲਾ ਲੈ ਸਕਦੇ ਹਨ, ਦੂਜੇ ਨੰਬਰ 'ਤੇ ਫਿਨਲੈਂਡ, ਜਰਮਨੀ ਅਤੇ ਸਾਊਥ ਕੋਰੀਆ ਹਨ ਜੋ 187 ਦੇਸ਼ਾਂ 'ਚ ਵੀਜ਼ਾ ਰਹਿਤ ਜਾ ਸਕਦੇ ਹਨ, ਤੀਜੇ ਨੰਬਰ 'ਤੇ ਡੈਨਮਾਰਕ, ਇਟਲੀ ਅਤੇ ਲਕਸਮਬਰਗ ਹਨ ਜੋ 186 ਦੇਸ਼ਾਂ 'ਚ ਵੀਜ਼ਾ ਰਹਿਤ ਜਾ ਸਕਦੇ ਹਨ। ਨਿਊਜ਼ੀਲੈਂਡ 9ਵੇਂ ਨੰਬਰ 'ਤੇ ਆਇਆ ਹੈ ਜਿਸ ਦਾ ਪਾਸਪੋਰਟ ਧਾਰਕ 180 ਦੇਸ਼ਾਂ 'ਚ ਬਿਨਾਂ ਵੀਜ਼ਾ ਲਿਆਂ ਜਾ ਸਕਦਾ ਹੈ। ਪਿਛਲੇ ਸਾਲ ਨਿਊਜ਼ੀਲੈਂਡ 8ਵੇਂ ਨੰਬਰ 'ਤੇ ਸੀ ਅਤੇ ਪਾਸਪੋਰਟ ਧਾਰਕਾਂ ਲਈ 182 ਦੇਸ਼ਾਂ 'ਚ ਵੀਜ਼ਾ ਰਹਿਤ ਐਂਟਰੀ ਸੀ। ਇਸ ਦੇ ਬਰਾਬਰ ਹੀ ਆਸਟ੍ਰੇਲੀਆ, ਆਈਸਲੈਂਡ ਅਤੇ ਲਿਥੀਆਨਾ ਵੀ 9ਵੇਂ ਨੰਬਰ 'ਤੇ ਹਨ। ਭਾਰਤ ਦੀ ਗੱਲ ਕਰੀਏ ਤਾਂ ਇਹ 86ਵੇਂ ਨੰਬਰ 'ਤੇ ਆਇਆ ਹੈ ਅਤੇ ਭਾਰਤੀ ਪਾਸਪੋਰਟ ਧਾਰਕ 58 ਦੇਸ਼ਾਂ 'ਚ ਬਿਨਾਂ ਵੀਜ਼ਾ ਲਿਆਂ ਜਾ ਸਕਦੇ ਹਨ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ 106ਵੇਂ ਨੰਬਰ 'ਤੇ ਹੈ ਅਤੇ ਇਸ ਦੇ ਲੋਕ 30 ਦੇਸ਼ਾਂ 'ਚ ਬਿਨਾਂ ਵੀਜ਼ਾ ਲਿਆਂ ਜਾ ਸਕਦੇ ਹਨ। ਸਭ ਤੋਂ ਹੇਠਾਂ 109ਵੇਂ ਨੰਬਰ 'ਤੇ ਅਫ਼ਗਾਨਿਸਤਾਨ ਆਇਆ ਹੈ ਜਿਸ ਦੇ ਲੋਕ ਸਿਰਫ਼ 25 ਦੇਸ਼ਾਂ 'ਚ ਬਿਨਾਂ ਵੀਜ਼ਾ ਲਿਆਂ ਜਾ ਸਕਦੇ ਹਨ।