ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਨਿਊਜ਼ੀਲੈਂਡ ਵਿਚ 'ਵਰਲਡ ਬੀਅਰਡ ਐਂਡ ਮਸ਼ਟੈਸ਼ ਐਸੋਸੀਏਸ਼ਨ' ਵੱਲੋਂ ਕਈ ਤਰ੍ਹਾਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਜਿੱਥੇ ਦਾੜ੍ਹੀ ਅਤੇ ਮੁੱਛਾਂ ਦੇ ਮੁਕਾਬਲੇ ਹੁੰਦੇ ਹਨ। ਇਸ ਵਾਰ ਰਾਸ਼ਟਰੀ ਮੁਕਾਬਲਾ 'ਦਾੜ੍ਹੀ ਤੇ ਸਟਾਈਲਡ ਮੁੱਛਾਂ' ਨੂੰ ਲੈ ਕੇ ਕੀਤਾ ਗਿਆ। ਪਿਛਲੇ ਕੁਝ ਸਾਲਾਂ ਤੋਂ ਪਟਿਆਲਾ ਸ਼ਹਿਰ ਦੇ 27 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਇਨ੍ਹਾਂ ਮੁਕਾਬਲਿਆਂ ਵਿਚ ਸਮੁੱਚੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾ ਰਹੇ ਹਨ। ਦਿਲਜੀਤ ਦੁਸਾਂਝ ਨੇ ਜਿੱਥੇ ਨਵੇਂ ਗੀਤ 'ਹੱਥ ਮੁੱਛਾਂ 'ਤੇ ਤਾਂ ਵਾਰ ਲੈਣ ਦੇ' ਨਾਲ ਲੱਖਾਂ ਨੌਜਵਾਨਾਂ ਦਾ ਦਿਲ ਜਿੱਤਿਆ ਹੈ ਉਥੇ ਨਿਊਜ਼ੀਲੈਂਡ ਵੱਸਦੇ ਬੀਰਇੰਦਰ ਸਿੰਘ ਨੇ 'ਦਾੜ੍ਹੀ ਤੇ ਮੁੱਛਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ' ਜਿੱਤ ਕੇ ਵੀ ਪੂਰੇ ਭਾਰਤੀ ਭਾਈਚਾਰੇ ਦਾ ਨਾਂਅ ਵਧਾਇਆ ਹੈ। ਮੁਕਾਬਲੇ ਦੌਰਾਨ ਬੰਨ੍ਹੀ ਪੱਗ ਜਿੱਥੇ ਸਿੱਖਾਂ ਦੀ ਪਛਾਣ ਵੀ ਕਰਵਾ ਗਈ ਉਥੇ ਦਾੜ੍ਹੀ ਅਤੇ ਮੁੱਛਾਂ ਨੂੰ ਇੱਜ਼ਤ ਦਾ ਸਰੋਤ ਵੀ ਸਾਬਿਤ ਕਰ ਗਈ। ਇਸ ਨੌਜਵਾਨ ਨੂੰ ਕੰਪਨੀ ਵੱਲੋਂ ਵੱਡੇ ਇਨਾਮ ਅਤੇ ਜੇਤੂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਵਿਚ ਲੱਗਾ ਹੋਇਆ ਹੈ ਕਿ ਉਹ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਤਿਆਗਣ ਅਤੇ ਦਾੜ੍ਹੀ ਮੁੱਛ ਰੱਖਣ ਦਾ ਸੰਦੇਸ਼ ਕਿਸੇ ਤਰ੍ਹਾਂ ਦੇ ਸਕੇ। ਚੈਂਪੀਅਨਸ਼ਿਪ ਵਿਚ ਲਗਪਗ 40 ਪ੍ਰਤੀਯੋਗੀ ਸਨ ਅਤੇ ਇਸ ਨੇ ਪਹਿਲਾ ਸਥਾਨ ਹਾਸਿਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਵਿਚ ਵੀ ਅਜਿਹੇ ਮੁਕਾਬਲੇ ਵੇਖਣਾ ਚਾਹੁੰਦਾ ਹੈ।