ਪੰਜਾਬ ਤੋਂ ਨਿਊਜ਼ੀਲੈਂਡ 'ਚ ਉੱਚੇ ਸੁਪਨੇ ਲੈ ਕੇ ਆਏ ਨੌਜਵਾਨਾਂ ਨੂੰ ਪਾਣੀ ਦੀਆਂ ਭਿਆਨਕ ਛੱਲਾਂ ਡੁਬੋ ਰਹੀਆਂ ਹਨ।। ਪਿਛਲੇ ਕੁਝ ਸਮੇਂ 'ਚ ਕਈ ਨੌਜਵਾਨ ਬੀਚ ਤੇ ਝਰਨੇ ਦੇ ਪਾਣੀ ਦੀਆਂ ਲਹਿਰਾਂ ਨਾਲ ਅਠਖੇਲੀਆਂ ਕਰਦੇ ਹੋਏ ਜਾਨ ਤੋਂ ਹੱਥ ਧੋ ਬੈਠੇ।।ਮੰਨਿਆ ਜਾ ਰਿਹਾ ਹੈ ਕਿ ਬਹੁਤਿਆਂ ਨੂੰ ਤੈਰਨਾ ਨਹੀਂ ਸੀ ਆਉਂਦਾ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਹੁਣ ਹੱਥ ਮਲਦੇ ਰਹਿ ਗਏ ਹਨ। ਅਜਿਹੀਆਂ ਘਟਨਾਵਾਂ ਕਰਕੇ ਸਬੰਧਤ ਥਾਵਾਂ 'ਤੇ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਏ ਜਾਣ ਸਬੰਧੀ ਵੀ ਚਰਚਾ ਚੱਲ ਪਈ ਹੈ। ਤਾਜ਼ੀ ਘਟਨਾ 'ਚ ਪਟਿਆਲਾ ਦੀ ਗੁਰੂ ਨਾਨਕ ਕਾਲੋਨੀ ਨਾਲ ਸਬੰਧਤ 27 ਕੁ ਸਾਲਾਂ ਦੇ ਹਰਮਨਜੋਤ ਵਾਲੀਆ ਦੀ ਮੌਤ ਹੋਈ ਹੈ।

ਉਹ ਨਿਊਜ਼ੀਲੈਂਡ ਤੋਂ ਦੋ ਚਾਰ ਦਿਨ ਲਈ ਆਪਣੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ (ਗਰੈਂਪੀਅਨਜ) 'ਚ ਰਹਿੰਦੇ ਦੋਸਤ ਗਗਨਦੀਪ ਕੋਲ ਪਤਨੀ ਕ੍ਰਿਤਿਕਾ ਵਾਲੀਆ ਸਮੇਤ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਲਈ ਗਿਆ ਸੀ। ਅਗਲੇ ਦਿਨ ਉਹ ਉੱਥੇ ਇਕ ਝਰਨੇ (ਮੈਕੈਂਜੀ ਵਾਟਰਫਾਲ) ਦੇ ਤੇਜ਼ ਪਾਣੀ 'ਚ ਰੁੜ੍ਹ ਗਿਆ ਅਤੇ ਮੁੜ ਜ਼ਿੰਦਾ ਬਾਹਰ ਨਿਕਲਿਆ। ਉਹ ਨਿਊਜ਼ੀਲੈਂਡ ਦੇ ਰੋਟੋਰੋਆ ਸ਼ਹਿਰ ਵਿਚ ਰਹਿ ਰਿਹਾ ਸੀ। ਉਸਦੇ ਆਕਲੈਂਡ ਰਹਿੰਦੇ ਕਰੀਬੀ ਦੋਸਤ ਸੰਦੀਪ ਸਿੰਘ ਪੱਡਾ ਅਨੁਸਾਰ ਹਰਮਨਦੀਪ 2015 'ਚ ਉਦੋਂ ਵਰਕ ਵੀਜੇ 'ਤੇ ਆਇਆ ਸੀ ਜਦੋਂ ਉਸ ਦੀ ਪਤਨੀ ਸਟੂਡੈਂਟ ਵੀਜ਼ੇ 'ਤੇ ਆਈ ਸੀ। ਪਹਿਲਾਂ ਉਹ ਆਕਲੈਂਡ ਵਿੱਚ ਰਹੇ ਤੇ ਕੁੱਝ ਸਮਾਂ ਪਹਿਲਾਂ ਪੱਕੀ ਰਿਹਾਇਸ਼ ਲਈ ਇਮੀਗਰੇਸ਼ਨ ਨੂੰ ਅਰਜ਼ੀ ਦੇਣ ਲਈ ਲੋੜੀਂਦੇ ਪੁਆਇੰਟ ਪੂਰੇ ਕਰਨ ਲਈ ਆਕਲੈਂਡ ਤੋਂ ਬਾਹਰ ਰੋਟੋਰੋਆ ਸ਼ਹਿਰ 'ਚ ਚਲੇ ਗਏ ਸਨ। ਉਸਦੀ ਪਤਨੀ ਕਿਸੇ ਕੈਫ਼ੇ 'ਤੇ ਕੰਮ ਕਰਦੀ ਸੀ ਜਦੋਂ ਕਿ ਹਰਮਨ ਟਰੱਕ ਚਲਾਉਂਦਾ ਸੀ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਨਿਊਜ਼ੀਲੈਂਡ 'ਚ ਵੀ ਇਕ ਹੋਰ ਝਰਨੇ (ਮਰਾਈਟੋਟਾਰਾ ਫਾਲਜ) 'ਤੇ ਨਹਾਉਣ ਦੌਰਾਨ 20 ਕੁ ਸਾਲਾਂ ਦੇ ਭਾਰਤੀ ਵਿਦਿਆਰਥੀ ਅਮਨ ਕੁਮਾਰ ਦੀ ਵੀ ਡੁੱਬਣ ਕਰਕੇ ਮੌਤ ਹੋ ਗਈ ਸੀ।।


ਕੁਦਰਤ ਦਾ ਕ੍ਰਿਸ਼ਮਾ ਬਨਾਮ ਕ੍ਰਿਸਮਸ ਦਾ ਤੋਹਫ਼ਾ

ਕਈ ਵਾਰੀ ਕੁਦਰਤ ਅਸੰਭਵ ਨੂੰ ਸੰਭਵ ਵੀ ਬਣਾ ਦਿੰਦੀ ਹੈ। ਭਾਰਤੀ ਮੂਲ ਦੇ ਗੁਜਰਾਤੀ ਜੋੜੇ ਨੇ ਪੜ੍ਹਾਈ ਤੋਂ ਬਾਅਦ ਵਰਕ ਵੀਜਾ ਨਾ ਮਿਲਣ ਕਰਕੇ ਵਾਪਸ ਭਾਰਤ ਜਾਣ ਲਈ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ ਪਰ ਕਿਸੇ ਲਾਅ ਫ਼ਰਮ ਦੀ ਸਹਾਇਤਾ ਨਾਲ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਨੂੰ ਉਨ੍ਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਦੋਵਾਂ ਜੀਆਂ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਦੋ ਸਾਲ ਲਈ ਵਰਕ ਵੀਜਾ ਜਾਰੀ ਕਰ ਦਿੱਤਾ। ਸ਼ਿਆਮਲ ਪਟੇਲ ਕੁਝ ਸਮਾਂ ਪਹਿਲਾਂ ਅੰਤਰਰਾਸ਼ਟਰੀ ਵੀਜੇ 'ਤੇ ਇੱਥੇ ਆਈ ਸੀ ਅਤੇ ਉਸ ਨੇ ਪਾਰਮਰਸਟਨ ਨਾਰਥ ਸ਼ਹਿਰ ਦੀ ਇੰਸਟੀਚਿਊਟ ਆਫ਼ ਪੈਸੇਫਿਕ ਯੂਨਾਈਟਿਡ ਤੋਂ ਮਾਸਟਰ ਇਨ ਇੰਟਰਨੈਸ਼ਨਲ ਸਟੱਡੀਜ ਪੂਰੀ ਕੀਤੀ ਸੀ ਤੇ ਰਾਜਧਾਨੀ ਵਲਿੰਗਟਨ ਦੇ ਕੈਫੇ ਅਲਾਮੀਰ ਬੇਕਰੀ ਤੋਂ ਬਤੌਰ ਮੈਨੇਜਰ ਵਜੋਂ ਨੌਕਰੀ ਦੀ ਪੇਸ਼ਕਸ਼ ਹੋਈ ਸੀ। ਪਰ ਇਮੀਗਰੇਸ਼ਨ ਨੇ ਵਰਕ ਵੀਜ਼ਾ ਨਹੀਂ ਦਿੱਤਾ ਸੀ। ਇਸ ਕਰਕੇ ਉਸਨੇ ਭਾਰਤ ਜਾਣ ਲਈ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈ ਸਨ। ਪਰ ਇਹ ਮਾਮਲਾ ਇੱਥੋਂ ਦੇ ਕੌਮੀ ਰੇਡੀਓ ਨਿਊਜ਼ੀਲੈਂਡ ਰਾਹੀਂ ਲੋਕਾਂ 'ਚ ਜਾਣ ਪਿੱਛੋਂ ਲਾਅ ਫਰਮ ਚੈਪਮੈਨ ਟਰਿਪ ਦੇ ਇਕ ਵਕੀਲ ਨੇ ਮੁਫ਼ਤ ਸੇਵਾਵਾਂ ਦੇ ਕੇ ਕੇਸ ਨੂੰ ਮੁੜ ਵਿਚਾਰਨ ਲਈ ਅਪੀਲ ਕੀਤੀ ਸੀ। ਇਸ ਪਿੱਛੋਂ ਇਮੀਗ੍ਰੇਸ਼ਨ ਨੇ ਕਈ ਵੀਜ਼ਾ ਜਾਰੀ ਕਰ ਦਿੱਤਾ ਪਰ ਇਹ ਦੱਸਣ ਤੋਂ ਟਾਲਾ ਵੱਟ ਲਿਆ ਕਿ ਪਹਿਲਾਂ ਕਿਸ ਅਧਾਰ 'ਤੇ ਵੀਜਾ ਅਰਜ਼ੀ ਰੱਦ ਕੀਤੀ ਸੀ।।


ਅਗਲੇ ਟੂਰਨਾਮੈਂਟਾਂ ਲਈ ਕਬੱਡੀ ਪ੍ਰੇਮੀ ਸਰਗਰਮ

ਕਬੱਡੀ ਅਜਿਹੀ ਖੇਡ ਹੈ, ਜਿਸ ਦੀ ਪੰਜਾਬ ਤੋਂ ਬਾਹਰਲੇ ਦੇਸ਼ਾਂ 'ਚ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਇੱਥੋਂ ਦੇ ਖੇਡ ਪ੍ਰਬੰਧਕ ਅਤੇ ਖਿਡਾਰੀ ਵੀ ਅਗਲੇ ਸਮੇਂ ਦੌਰਾਨ ਹੋਣ ਵਾਲੇ ਵੱਖ-ਵੱਖ ਟੂਰਨਾਮੈਂਟਾਂ ਲਈ ਸਰਗਰਮ ਹੋ ਗਏ ਹਨ। ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਨੇ ਆਪੋ-ਆਪਣੇ ਵੱਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਲਈ ਐਲਾਨ ਕਰ ਦਿੱਤਾ ਹੈ, ਜੋ 3 ਮਾਰਚ ਤੋਂ ਸ਼ੁਰੂ ਹੋ ਕੇ 14 ਅਪ੍ਰੈਲ ਤੱਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਹੋਣਗੇ। ਇਨ੍ਹਾਂ ਚੋਂ ਵਧੀਆ ਖੇਡ ਲਈ ਚੁਣੇ ਗਏ ਖਿਡਾਰੀ 21 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ 'ਚ ਹੋਣ ਵਾਲੀਆਂ ਸਿੱਖ ਗੇਮਜ਼ ਵਿੱਚ ਭਾਗ ਲੈਣਗੇ।

-ਅਵਤਾਰ ਸਿੰਘ ਟਹਿਣਾ, +64 21 055 3074