ਵੇਲਿੰਗਟਨ (ਰਾਇਟਰ) : ਨਿਊਜ਼ੀਲੈਂਡ ਦੀ ਸਰਕਾਰ ਨੇ ਹੁਣ ਚੀਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇੱਥੋਂ ਦੀ ਸੰਸਦ ਨੇ ਸਰਬਸੰਮਤੀ ਨਾਲ ਚੀਨ 'ਚ ਉਈਗਰ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਸਰਬਪਾਰਟੀ ਮਤਾ ਪਾਸ ਕੀਤਾ ਹੈ।

ਉਈਗਰਾਂ 'ਤੇ ਅੱਤਿਾਚਾਰ ਦੇ ਸਬੰਧ 'ਚ ਨਿਊਜ਼ੀਲੈਂਡ ਦੀ ਏਸੀਟੀ ਪਾਰਟੀ ਨੇ ਸੰਸਦ 'ਚ ਇਹ ਮਤਾ ਪੇਸ਼ ਕੀਤਾ। ਇਸ ਮਤੇ 'ਤੇ ਸਾਰੀਆਂ ਪਾਰਟੀਆਂ ਨੇ ਵਿਚਾਰ-ਵਟਾਂਦਰਾ ਕੀਤਾ। ਬਾਅਦ 'ਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਤੋਂ ਬਾਅਦ ਇਸ ਨੂੰ ਪਾਸ ਕਰ ਦਿੱਤਾ ਗਿਆ। ਮਤੇ 'ਚ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਨੂੰ ਕਤਲੇਆਮ ਕਿਹਾ ਗਿਆ ਸੀ। ਸੱਤਾ ਪਾਰਟੀ ਨਾਲ ਵਿਚਾਰ ਮਗਰੋਂ ਕਤਲੇਆਮ ਸ਼ਬਦ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਪੂਰਾ ਮਤਾ ਪਾਸ ਕਰ ਦਿੱਤਾ ਗਿਆ ਹੈ।

ਸੰਸਦ 'ਚ ਏਸੀਟੀ ਪਾਰਟੀ ਦੇ ਆਗੂ ਬੁਰਕ ਵਾਨ ਵੈਲਡਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਤੇ 'ਚ ਹਾਕਮ ਲੇਬਰ ਪਾਰਟੀ ਦੀ ਸਲਾਹ 'ਤੇ ਕਤਲੇਆਮ ਦੀ ਥਾਂ 'ਤੇ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਸ਼ਬਦ ਪਾਉਣਾ ਪਿਆ ਹੈ। ਸਾਡਾ ਮੰਨਣਾ ਹੈ ਕਿ ਸਾਡੀ ਅੰਤਰ-ਆਤਮਾ ਜੇਕਰ ਇਸ ਨੂੰ ਕਤਲੇਆਮ ਮੰਨਦੀ ਹੈ ਤਾਂ ਅਸੀਂ ਉਸ ਨੂੰ ਕਤਲੇਆਮ ਹੀ ਕਹਾਂਗੇ।

ਇਸ 'ਤੇ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਨਾਯਾ ਮਹੂਤਾ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਕਿ ਨਿਊਜ਼ੀਲੈਂਡ ਪਹਿਲਾਂ ਵੀ ਸ਼ਿਨਜਿਆਂਗ ਦੇ ਮਸਲੇ 'ਤੇ ਆਪਣੀ ਚਿੰਤਾ ਪ੍ਰਗਟਾ ਰਿਹਾ ਹੈ। ਕਤਲੇਆਮ ਕੌਮਾਂਤਰੀ ਅਪਰਾਧਾਂ 'ਚ ਸਭ ਤੋਂ ਉੱਪਰ ਹੈ। ਅਜਿਹੀ ਸਥਿਤੀ 'ਚ ਉਸ ਨੂੰ ਕੌਮਾਂਤਰੀ ਕਾਨੂੰਨ ਦੇ ਆਧਾਰ 'ਤੇ ਹੀ ਤੈਅ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਦੋ ਦਿਨ ਪਹਿਲਾਂ ਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਚੀਨ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਦੀ ਆਲੋਚਨਾ ਕੀਤੀ ਸੀ। ਚੀਨ ਨੇ ਨਿਊਜ਼ੀਲੈਂਡ ਦੀ ਸੰਸਦ ਦੇ ਇਸ ਮਤੇ ਦਾ ਸਖ਼ਤ ਵਿਰੋਧ ਕੀਤਾ ਹੈ।