ਅਵਤਾਰ ਸਿੰਘ ਟਹਿਣਾ, ਆਕਲੈਂਡ : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਲਾਕਡਾਊਨ ਦੌਰਾਨ ਸਟੱਡੀ ਮੈਟੀਰੀਅਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ ਦੀ 'ਦਾਨ ਮੁਹਿੰਮ' ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਲਗਾਤਾਰ ਅੱਠ ਘੰਟੇ ਰੇਡੀਓ 'ਤੇ ਚੱਲੇ ਪ੍ਰੋਗਰਾਮ ਦੌਰਾਨ 3,200 ਤੋਂ ਵੱਧ ਬੱਚਿਆਂ ਨੂੰ ਦਾਨੀ ਸੱਜਣਾਂ ਨੇ ਸਪਾਂਸਰ ਕੀਤਾ ਅਤੇ 16 ਹਜ਼ਾਰ ਡਾਲਰ ਭਾਵ ਕਰੀਬ 8 ਅੱਠ ਲੱਖ ਰੁਪਏ ਇਕੱਤਰ ਹੋ ਗਏ।

ਇਸ ਮੌਕੇ ਦਾਨੀ ਸਰੋਤਿਆਂ ਨੇ ਬਹੁਤ ਹੀ ਮਨੋਰੰਜਕ ਢੰਗ ਨਾਲ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਬਜ਼ੁਰਗਾਂ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਨੇ ਵੀ ਬਹੁਤ ਉਤਸ਼ਾਹ ਵਿਖਾਇਆ ਜੋ ਆਪਣੇ ਹਮਉਮਰ ਸਾਥੀਆਂ ਲਈ 'ਪਿੱਗੀ ਬੈਂਕ' ਵੀ ਦਾਨ ਕਰ ਗਏ।।

ਪਾਪਾਟੋਏਟੋਏ ਸਟੂਡੀਓ 'ਚ ਸ਼ਨਿਚਰਵਾਰ ਨੂੰ ਅਰਦਾਸ ਕਰਨ ਉਪਰੰਤ ਤਰਨਦੀਪ ਬਿਲਾਸਪੁਰ ਦੀ ਅਗਵਾਈ 'ਚ ਦੋਹਾਂ ਅਦਾਰਿਆਂ ਦੀ ਟੀਮ ਨੇ ਸ਼ਾਮ ਤਕ ਜਿੱਥੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨਾਲ ਸਟੂਡੀਓ 'ਚ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਬਾਰੇ ਵਿਚਾਰ ਜਾਣੇ, ਉੱਥੇ ਰੇਡੀਓ 'ਤੇ ਆਨ ਏਅਰ ਮਾਧਿਅਮ ਰਾਹੀਂ ਸਰੋਤਿਆਂ ਨਾਲ ਵੀ ਸੰਪਰਕ ਜਾਰੀ ਰੱਖਿਆ।ਜਿਸ ਦੌਰਾਨ ਪੰਜਾਬ ਦੇ ਸਕੂਲਾਂ ਦੀ ਪੜ੍ਹਾਈ ਦਾ ਫਿਕਰ ਕਰਨ ਵਾਲੇ ਸੂਝਵਾਨ ਸਰੋਤਿਆਂ ਨੇ ਆਪਣੀ ਸਮਰੱਥਾ ਅਨੁਸਾਰ 4 ਤੋਂ ਲੈ ਕੇ 500 ਦੀ ਗਿਣਤੀ ਤਕ ਬੱਚਿਆਂ ਦਾ ਜਿੰਮਾ ਚੁੱਕਿਆ।।

ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਅਤੇ ਬਿਲਡਰ ਭੁਪਿੰਦਰ ਸਿੰਘ ਭਿੰਦਾ ਨੇ ਵਿਰਕ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਸੈਫ਼ਲਾਬਾਦ (ਕਪੂਰਥਲਾ) ਸਮੇਤ 500 ਬੱਚਿਆਂ ਦੀ ਸੇਵਾ ਲਈ ਹਾਮੀ ਭਰੀ। ਰੀਅਲ ਅਸਟੇਟ ਇਨਵੈਸਟਰ ਅਵਤਾਰ ਤਰਕਸ਼ੀਲ ਨੇ ਵਿਦੇਸ਼ਾਂ 'ਚ ਵੱਸਦੇ ਆਪਣੇ ਜੱਦੀ ਪਿੰਡ ਖੁਰਦਪੁਰ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਪਿੰਡ ਦੇ ਸਕੂਲ ਦੇ ਕਰੀਬ 250 ਬੱਚਿਆਂ ਲਈ ਦਾਨ ਦਿੱਤਾ। ਇਸ ਤੋਂ ਇਲਾਵਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਬੁਲਾਰੇ ਮਨਜਿੰਦਰ ਸਿੰਘ ਬਾਸੀ ਦੀ ਪ੍ਰੇਰਣਾ ਨਾਲ ਟਾਈਗਰ ਸਪੋਰਟਸ ਕਲੱਬ, ਸਾਹਿਤਕ ਸੱਥ ਨਿਊਜ਼ੀਲੈਂਡ, ਆਸਟ੍ਰੇਲੀਆ ਤੋਂ ਸ਼ਾਇਰ ਵਰਿੰਦਰ ਅਲੀਸ਼ੇਰ, ਕੈਨੇਡਾ ਤੋਂ ਵਿਰਕ ਪਰਿਵਾਰ ਦੇ ਮੈਂਬਰਾਂ ਅਤੇ ਯੂਕੇ ਤੋਂ ਕੰਵਰ ਬਰਾੜ ਨੇ ਯੋਗਦਾਨ ਪਾਇਆ।। ਹੈਰਾਨੀ ਵਾਲੀ ਗੱਲ ਇਹ ਸੀ ਕਿ ਇੱਥੋਂ ਪ੍ਰਾਇਮਰੀ ਸਕੂਲ 'ਚ ਪੜ੍ਹ ਰਹੇ ਛੋਟੇ-ਛੋਟੇ ਬੱਚੇ ਜੈਸਮੀਨ ਕੌਰ ਸੰਧੂ ਅਤੇ ਨਵਾਬ ਸਿੰਘ ਨੇ ਆਪਣੀ 'ਪਿੱਗੀ ਬੈਂਕ' ਲਿਆ ਕੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਲਈ ਦਾਨ ਦਿੱਤਾ।।

ਇਸ ਮੌਕੇ ਇੱਥੋਂ ਦੀ ਸਭ ਤੋਂ ਵੱਡੀ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ, ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਦੇ ਚੇਅਰਪਰਸਨ ਕੰਵਲਜੀਤ ਸਿੰਘ ਬੈਨੀਪਾਲ, ਇੰਪੀਰੀਅਲ ਕਾਲਜ ਆਕਲੈਂਡ ਦੇ ਪ੍ਰਿੰਸੀਪਲ ਕੰਵਲਜੀਤ ਕੌਰ ਪੰਨੂੰ, ਨੌਜਵਾਨ ਗਾਇਕ ਸੱਤਾ ਵੈਰੋਵਾਲੀਆ, ਰੇਡੀਓ ਪੇਸ਼ਕਾਰਾ ਹਰਜੀਤ ਕੌਰ, ਡਾਇਰੈਕਟਰ ਹਰਕੀਰਤ ਸਿੰਘ ਹੈਰੀ, ਰੇਡੀਓ ਪੇਸ਼ਕਾਰ ਨਾਸਿਰ ਖ਼ਾਨ, ਮੈਨੇਜਰ ਜਸਪ੍ਰੀਤ ਸਿੰਘ ਰਾਜਪੁਰਾ, ਸਾਹਿਤਕ ਸੱਥ ਤੋਂਂ ਕਰਮਜੀਤ ਅਕਲੀਆ ਤੇ ਰਣਜੀਤ ਸੰਧੂ ਬ੍ਰਹਮਪੁਰਾ, ਮੈਨੇਜਰ ਗੁਰਪ੍ਰੀਤ ਸਿੰਘ, ਬਲਜਿੰਦਰ ਰੰਧਾਵਾ, ਮਾਸਟਰ ਜਗਦੇਵ ਸਿੰਘ ਬੰਗੀ, ਮੁਖਤਿਆਰ ਸਿੰਘ, ਗੁਰਚਰਨ ਸਿੰਘ ਬਾਠ, ਵਲੰਟੀਅਰ ਪਰਮ, ਬਿਕਰਮਜੀਤ ਸਿੰਘ ਮੱਟਰਾਂ, ਮਨੀ ਸਿੰਘ, ਗੁਰਮੁਖ ਗਰੇਵਾਲ ਤੋਂ ਇਲਾਵਾ ਹੋਰ ਬਹੁਤ ਸੱਜਣ ਹਾਜ਼ਰ ਸਨ।।

ਜ਼ਿਕਰਯੋਗ ਹੈ ਕਿ ਇਕੱਤਰ ਹੋਈ ਰਾਸ਼ੀ ਅਗਲੇ ਦਿਨੀਂ ਪੰਜਾਬ ਭੇਜ ਦਿੱਤੀ ਜਾਵੇਗੀ।ਜਿੱਥੇ ਵਲੰਟੀਅਰ ਅਧਿਆਪਕ ਕਿੱਟਾਂ ਖ਼ਰੀਦ ਕੇ ਵੱਖ-ਵੱਖ ਸਕੂਲਾਂ 'ਚ ਪਹੁੰਚਾ ਦੇਣਗੇ। ਪੰਜਾਬ ਦਰਦੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ 'ਤੇ ਦੋਵਾਂ ਅਦਾਰਿਆਂ ਦੇ ਪ੍ਰਬੰਧਕਾਂ ਨੇ ਇਸ ਮੁਹਿੰਮ ਨੂੰ ਹਰ ਸਾਲ ਚਲਾਉਣ ਦਾ ਭਰੋਸਾ ਦਿਵਾਇਆ ਹੈ ਤਾਂ ਜੋ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਜਾ ਸਕੇ।

Posted By: Amita Verma