ਵੇਲਿੰਗਟਨ (ਏਪੀ) : ਨਿਊਜ਼ੀਲੈਂਡ 'ਚ ਦੋ ਮਸਜਿਦਾਂ 'ਤੇ ਗੋਲ਼ੀਬਾਰੀ ਕਰ ਕੇ 51 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਆਸਟ੍ਰੇਲੀਆਈ ਹਮਲਾਵਰ ਨੇ ਆਪਣੇ ਵਕੀਲਾਂ ਨੂੰ ਹਟਾ ਦਿੱਤਾ ਹੈ। ਇਸ ਮਾਮਲੇ ਵਿਚ ਅਦਾਲਤ ਵਿਚ ਸਜ਼ਾ ਸੁਣਾਏ ਜਾਣ 'ਤੇ ਉਹ ਖ਼ੁਦ ਹੀ ਆਪਣੀ ਪੈਰਵੀ ਕਰੇਗਾ।

ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿਚ ਪਿਛਲੇ ਸਾਲ ਹੋਈ ਗੋਲ਼ੀਬਾਰੀ ਦੇ ਮਾਮਲੇ ਵਿਚ ਬ੍ਰੈਂਟਨ ਹੈਰੀਸਨ ਟੈਰੇਂਟ ਨੇ ਬੀਤੇ ਮਾਰਚ ਮਹੀਨੇ ਵਿਚ 51 ਲੋਕਾਂ ਦੀ ਹੱਤਿਆ ਕਰਨ ਅਤੇ 40 ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਵਿਚ ਆਪਣਾ ਜੁਰਮ ਕਬੂਲ ਕੀਤਾ ਸੀ। ਹਾਲਾਂਕਿ, ਕੋਰੋਨਾ ਮਹਾਮਾਰੀ ਕਾਰਨ ਉਸ ਦੀ ਸਜ਼ਾ 'ਤੇ ਸੁਣਵਾਈ ਵਿਚ ਦੇਰੀ ਹੋਈ। ਕ੍ਰਾਈਸਟਚਰਚ ਦੀ ਅਦਾਲਤ ਵਿਚ ਉਸ ਦੀ ਸਜ਼ਾ 'ਤੇ ਸੁਣਵਾਈ 24 ਅਗਸਤ ਤੋਂ ਹੋਵੇਗੀ। ਇਹ ਸੁਣਵਾਈ ਤਿੰਨ ਦਿਨਾਂ ਤਕ ਚੱਲ ਸਕਦੀ ਹੈ। ਕ੍ਰਾਈਸਟਚਰਚ ਦੇ ਹਾਈ ਕੋਰਟ ਨੇ ਸੋਮਵਾਰ ਨੂੰ ਸਜ਼ਾ ਦੀ ਤਰੀਕ ਦੀ ਪੁਸ਼ਟੀ ਕੀਤੀ। ਇਸ ਅਦਾਲਤ ਵਿਚ ਸੁਣਵਾਈ ਦੌਰਾਨ ਬ੍ਰੈਂਟਨ ਦੇ ਵਕੀਲਾਂ ਸ਼ੇਨ ਟੈਟ ਅਤੇ ਜੋਨਾਥਨ ਹਡਸਨ ਨੇ ਮਾਮਲੇ ਤੋਂ ਹਟਣ ਲਈ ਅਰਜ਼ੀ ਦਿੱਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਬ੍ਰੈਂਟਨ ਨੇ ਉਨ੍ਹਾਂ ਨੂੰ ਹਟਣ ਦਾ ਨਿਰਦੇਸ਼ ਦਿੱਤਾ ਹੈ। ਉਹ ਖ਼ੁਦ ਦੀ ਪੈਰਵੀ ਕਰਨ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ।