ਅਵਤਾਰ ਸਿੰਘ ਟਹਿਣਾ, ਆਕਲੈਂਡ : ਭਾਰਤੀ ਮੂਲ ਦਾ ਇੱਕ ਨੌਜਵਾਨ ਇਨੀਂ ਦਿਨੀਂ ਦੁਬਈ ਦੇ ਇੱਕ ਹੋਟਲ `ਚ ਫਸ ਕੇ ਬੈਠਣ ਲਈ ਮਜਬੂਰ ਹੈ ਕਿਉਂਕਿ ਨਿਊਜ਼ੀਲੈਂਡ ਦੀ ਇਕਾਂਤਵਾਸ ਬੁਕਿੰਗ ਕਰਨ ਵਾਲੀ ਟੀਮ ਨੇ ਬੁਕਿੰਗ ਕਰਨ ਤੋਂ ਜਵਾਬ ਦੇ ਦਿੱਤਾ ਹੈ। ਇਸ ਝੋਰੇ `ਚ ਮਾਨਸਿਕ ਤਣਾਅ ਵਧਣ ਨਾਲ ਉਸਦੀ ਸਿਹਤ ਵੀ ਖ਼ਰਾਬ ਹੋਣ ਲੱਗ ਪਈ ਹੈ। ਉਹ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਲਈ ਇੰਡੀਆ ਗਿਆ ਸੀ। ਉਹ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਚਿੱਠੀ ਲਿਖ ਕੇ ਦਰਦ ਦੱਸ ਚੁੱਕਾ ਪਰ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਆਇਆ।

ਦੁਬਈ ਤੋਂ ਫ਼ੋਨ ਰਾਹੀਂ ਦੁੱਖ ਸਾਂਝਾ ਕਰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ 4 ਅਕਤੂਬਰ ਤੋਂ ਦੁਬਈ ਦੇ ਇੱਕ ਹੋਟਲ ਵਿਚ ਠਹਿਰਿਆ ਹੋਇਆ ਹੈ ਤਾਂ ਜੋ ਭਾਰਤ ਵਰਗੇ ਕੋਵਿਡ-19 ਤੋਂ ਜਿਆਦਾ ਪ੍ਰਭਾਵਿਤ ਦੇਸ਼ ਚੋਂ ਸਿੱਧਾ ਨਿਊਜ਼ੀਲੈਂਡ ਆਉਣ ਦੀ ਬਜਾਏ ਘੱਟ ਰਿਸਕ ਵਾਲੇ ਦੇਸ਼ 14 ਦਿਨ ਦਾ ਇਕਾਂਤਵਾਸ ਪੂਰਾ ਕਰਕੇ ਨਿਊਜ਼ੀਲੈਂਡ ਆਉਣ ਵਾਸਤੇ ਸੁਰੱਖਿਆ ਸ਼ਰਤਾਂ ਪੂਰੀਆਂ ਕਰ ਸਕੇ।

ਉਹ ਤਿੰਨ ਵਾਰ ਦਰਖ਼ਾਸਤ ਦੇ ਚੁੱਕਾ ਹੈ ਪਰ ਤਿੰਨੇ ਵਾਰ ਰੱਦ ਹੋ ਚੁੱਕੀ ਹੈ। ਸਗੋਂ ਬੁਕਿੰਗ ਟੀਮ ਵੱਲੋਂ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਉਸਨੇ ਆਪਣੀ ਮਾਤਾ ਦੀ ਮੌਤ ਦੇ 7 ਦਿਨ ਦੇ ਅੰਦਰ-ਅੰਦਰ ਬੁਕਿੰਗ ਕਿਉਂ ਨਹੀਂ ਕਰਵਾਈ ? ਹਾਲਾਂਕਿ ਉਸਨੇ 20 ਅਕਤੂਬਰ ਨੂੰ ਨਿਊਜ਼ੀਲੈਂਡ ਆਉਣ ਵਾਸਤੇ ਟਿਕਟ ਵੀ ਬੁੱਕ ਕਰਵਾਈ ਹੋਈ ਹੈ।

ਇਸੇ ਕਰਕੇ ਉਸਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਵੀ ਚਿੱਠੀ ਲਿਖੀ ਹੈ ਕਿ ਜੇਕਰ ਉਸਨੂੰ ਦੁਬਈ ਤੋਂ ਵਾਪਸ ਇੰਡੀਆ ਮੁੜਨਾ ਪਿਆ ਤਾਂ ਉਸਦਾ ਬਹੁਤ ਨੁਕਸਾਨ ਹੋ ਜਾਵੇਗਾ। ਇਕ ਤਾਂ ਉਸਦਾ ਪਰਿਵਾਰ ਪਹਿਲਾਂ ਹੀ ਸਦਮੇ ਵਿੱਚ ਹੈ ਅਤੇ ਦੂਜਾ ਉਸਦੀ ਪਤਨੀ ਵੀ ਉਸ `ਤੇ ਹੀ ਨਿਰਭਰ ਹੈ। ਜਿਸ ਕਰਕੇ ਉਸਦੀ ਦਿਨੋਂ ਦਿਨ ਪ੍ਰੇਸ਼ਾਨੀ ਵਧ ਰਹੀ ਹੈ। ਉਸਨੇ ਦੱਸਿਆ ਕਿ ਜੇਕਰ ਉਹ ਛੇਤੀ ਨਿਊਜ਼ੀਲੈਂਡ ਨਾ ਪਹੁੰਚ ਸਕਿਆ ਤਾਂ ਉਸਦੀ ਜੌਬ ਵੀ ਖ਼ਤਮ ਹੋ ਜਾਵੇਗੀ ਕਿਉਂਕਿ ਉਹ ਆਪਣੀ ਦੋ ਮਹੀਨੇ ਦੀ ਸਲਾਨਾ ਛੁੱਟੀ ਵੀ ਪੂਰੀ ਕਰ ਚੁੱਕਾ ਹੈ। ਜਿਸ ਕਰਕੇ ਉਸਦੀ ਪ੍ਰੇਸ਼ਾਨੀ ਹੋਰ ਵੀ ਵਧ ਜਾਵੇਗੀ।

ਸੰਜੀਵ ਨੇ ਦੱਸਿਆ ਕਿ ਉਹ ਨਿਊਜ਼ੀਲੈਂਡ ਦਾ ਰੈਜੀਡੈਂਟ ਹੈ ਅਤੇ ਕੁਰੈਕਸ਼ਨ ਅਫ਼ਸਰ (ਜੇਲ੍ਹ ਅਫ਼ਸਰ) ਵਜੋਂ ਕੰਮ ਕਰਦਾ ਆ ਰਿਹਾ ਹੈ। ਇਸ ਸਾਲ ਮਈ ਮਹੀਨੇ ਉਸਦੀ ਮਾਤਾ ਦੀ ਮੌਤ ਹੋ ਪਿੱਛੋਂ ਆਪਣੇ ਪਰਿਵਾਰ ਨੂੰ ਮਿਲਣ ਗਿਆ ਸੀ। ਸੰਜੀਵ ਕੁਮਾਰ ਨੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦੇ ਆਗੂਆਂ ਨੂੰ ਵੀ ਮੱਦਦ ਲਈ ਅਪੀਲ ਕੀਤੀ ਹੈ। ਮੱਦਦ ਕਰਨ ਵਾਲੇ ਉਸ ਨਾਲ ਦੁਬਈ ਵਾਲੇ ਨੰਬਰ +971 52 546 6298 ਜਾਂ ਇਸ ਈਮੇਲ Sanjeev0588@gmail.com ਪਤੇ `ਤੇ ਸੰਪਰਕ ਕਰ ਸਕਦੇ ਹਨ।

Posted By: Tejinder Thind