ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ 'ਚ ਅੱਜ 'ਮਦਰ ਔੌਫ ਆਲ ਪ੍ਰੋਟੈਸਟਸ' ਦੇ ਨਾਂ ਹੇਠ ਵੱਖ-ਵੱਖ ਵੱਡੇ-ਛੋਟੇ ਸ਼ਹਿਰਾਂ 'ਚ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਆਪਣੀਆਂ ਅੱਠ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ। ਪ੍ਰਦਰਸ਼ਨ ਦੀ ਸਫ਼ਲਤਾ ਵੇਖ ਕੇ ਪ੍ਰਬੰਧਕ ਖੁਸ਼ ਹਨ। ਸ਼ਹਿਰਾਂ 'ਚ ਕਿਸਾਨ ਵੱਡੇ ਟਰੈਕਟਰ ਤੇ ਯੂਟ ਲੈ ਕੇ ਪੁੱਜੇ। ਜਿਸ ਦੌਰਾਨ ਉਨ੍ਹਾਂ ਬੈਨਰ ਲਹਿਰਾ ਕੇ ਆਪਣੀਆਂ ਮੰਗਾਂ ਦਾ ਮੁਜ਼ਾਹਰਾ ਕੀਤਾ। ਕਈ ਕਿਸਾਨ ਆਪਣੇ ਨਾਲ ਕੁੱਤੇ ਵੀ ਲੈ ਕੇ ਆਏ। ਸ਼ਹਿਰ 'ਚ ਟਰੈਕਟਰਾਂ ਤੇ ਯੂਟਾਂ ਦੇ ਹਾਰਨਾਂ ਦੇ ਲਗਾਤਾਰ ਹਾਰਨ ਵੱਜਦੇ ਰਹੇ।

ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ 'ਗਰਾਊਂਡਜਵੈੱਲ ਐਨਜ਼ੈੱਡ' ਦੇ ਲੀਡਰ ਲੌਰੀ ਪੀਟਰਸਨ ਤੇ ਕੋ-ਲੀਡਰ ਬਰਾਈਸ ਮੈਕੈਨਜ਼ੀ ਖੁਸ਼ ਹਨ। ਸਰਕਾਰ ਦੀ ਮੁੱਖ ਵਿਰੋਧੀ ਧਿਰ, ਨੈਸ਼ਨਲ ਪਾਰਟੀ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਪਾਰਟੀ ਆਗੂ ਜੁਡਿਥ ਕੌਲਿਨਜ ਨੇ ਟਰੈਕਟਰ 'ਤੇ ਚੜ੍ਹ ਕੇ ਕਿਸਾਨਾਂ ਨਾਲ ਖੜ੍ਹਨ ਦਾ ਭਰੋਸਾ ਦਿਵਾਇਆ। ਪੁੱਕੀਕੋਹੀ 'ਚ ਨੈਸ਼ਨਲ ਪਾਰਟੀ ਦੇ ਇਕ ਪਾਰਲੀਮੈਂਟ ਐਂਡਰਿਊ ਲਿਟਲ ਨੇ ਘੋੜੇ 'ਤੇ ਚੜ੍ਹ ਕੇ ਕਿਸਾਨਾਂ ਨਾਲ ਇੱਕਜੁਟਤਾ ਵਿਖਾਈ। ਕਿਸਾਨਾਂ ਨੇ ਡੋਨਲਡ ਟਰੰਪ ਵਾਲਾ ਨਾਅਰਾ ‘ਮੇਕ ਅਮੈਰਿਕਾ ਗਰੇਟ ਅਗੇਨ’ ਦੀ ਸ਼ੌਰਟ ਫੌਰਮ ‘ਐਮਏਜੀਏ’ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਵਿਰੋਧ 'ਚ ‘ਮੇਕ ਅਰਡਰਨ ਗੋ ਅਵੇ’ ਵਜੋਂ ਵਰਤਿਆ। ਇਸ ਤੋਂ ਇਲਾਵਾ ਕਿਸਾਨਾਂ ਦਾ ਮਹੱਤਵ ਦਰਸਾਉਣ ਵਾਲੇ ਹੋਰ ਵੀ ਕਈ ਤਰ੍ਹਾਂ ਦੇ ਨਾਅਰਿਆਂ ਵਾਲੇ ਬੈਨਰ ਬਣਾਏ ਹੋਏ ਸਨ ਕਿ ‘ਰੋਟੀ ਦੇਣ ਵਾਲੇ ਹੱਥਾਂ ਨੂੰ ਵੱਢਿਆ ਨਹੀਂ ਜਾਣਾ ਚਾਹੀਦਾ।

ਕਈ ਕਿਸਾਨ ਆਪਣੇ ਨਾਲ ਕੁੱਤੇ ਵੀ ਲੈ ਕੇ ਆਏ ਸਨ ਤਾਂ ਜੋ ਸੰਕੇਤਕ ਤੌਰ 'ਤੇ ਸਰਕਾਰ ਦਾ ਧਿਆਨ ਕਿਸਾਨਾਂ ਦੀਆਂ ਮੰਗਾਂ ਵੱਲ ਖਿੱਚਿਆ ਜਾ ਸਕੇ। ਇਸ ਤੋਂ ਇਲਾਵਾ ‘ਨੋ ਫਾਰਮਰਜ, ਨੋ ਫੂਡ’ ਦੇ ਬੈਨਰ ਵੀ ਦਿਸ ਰਹੇ ਸਨ। ਗਰਾਊਂਡਜਵੈੱਲ ਐਨਜ਼ੈੱਡ ਵੱਲੋਂ ਜਾਰੀ ਪੋਸਟਰ ਅਨੁਸਾਰ ਮੁੱਖ ਤੌਰ 'ਤੇ ਅੱਠ ਮੰਗਾਂ ਰੱਖੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚ ਫਰੈਸ਼ ਵਾਟਰ ਤੇ ਇੰਡੀਜੀਨਸ ਬਾਇਉ-ਡਾਇਵਰਸਿਟੀ ਬਾਰੇ ਨੈਸ਼ਨਲ ਪਾਲਿਸੀ ਸਟੇਟਮੈਂਟ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਿਗਨੀਫਿਕੈਂਟ ਨੈਚਰੁਲ ਏਰੀਆ ਦੇ ਨਿਯਮਾਂ ਨੂੰ ਖ਼ਤਮ ਕਰਨ, ਬਾਹਰਲੇ ਦੇਸ਼ਾਂ ਮੰਗਵਾਏ ਜਾਣ ਵਾਲੇ ਸੀਜ਼ਨਲ ਵਰਕਰਾਂ ਨੂੰ ਐਮਆਈਕਿਊ ਲਈ ਤਰਜੀਹ ਦੇਣ, ਥ੍ਰੀ ਵਾਟਰ ਰਿਫੌਰਮਜ ਨੂੰ ਵਾਪਸ ਲੈਣ ਦੀ ਮੰਗ ਤੋਂ ਇਲਾਵਾ ਐਨਜ਼ੈੱਡ ਇਮਿਸ਼ਨਜ ਟਰੇਡਿੰਗ ਸਕੀਮ, ਕਰਾਊਨ ਪੈਸਟਰਲ ਲੈਂਡ ਰੀਫੌਰਮ ਬਿੱਲ ਅਤੇ ਯੂਟ ਟੈਕਸ ਦਾ ਵਿਰੋਧ ਕਰ ਰਹੇ ਹਨ।

ਜਿ਼ਕਰਯੋਗ ਹੈ ਕਿ ਕਿਸਾਨਾਂ ਨੇ ਪਹਿਲਾਂ ਵੀ ਵੱਡਾ ਪ੍ਰਦਰਸ਼ਨ ਕੀਤਾ ਸੀ ਪਰ ਐਤਕੀਂ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਚੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਸੀ। ਕਿਸਾਨ ਇਸ ਤੋਂ ਪਹਿਲਾਂ ਵੀ ਦੋ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ।

Posted By: Sarabjeet Kaur