ਵੈਲਿੰਗਟਨ, ਏ.ਪੀ. : ਨਿਊਜ਼ੀਲੈਂਡ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਨੂੰ ਸੂਟਕੇਸ ਵਿੱਚ ਬੰਦ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕ ਬੱਚਿਆਂ ਦੀ ਉਮਰ 5 ਤੋਂ 10 ਸਾਲ ਦੇ ਵਿਚਕਾਰ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮੌਤਾਂ ਕਈ ਸਾਲ ਪਹਿਲਾਂ ਹੋਈਆਂ ਹੋਣਗੀਆਂ ਕਿਉਂਕਿ ਇਹ ਸੂਟਕੇਸ ਤਿੰਨ-ਚਾਰ ਸਾਲਾਂ ਤੋਂ ਸਟੋਰੇਜ਼ ਵਿੱਚ ਪਿਆ ਹੈ।

ਨਿਊਜ਼ੀਲੈਂਡ ਦੇ ਪਰਿਵਾਰ ਨੇ ਆਨਲਾਈਨ ਨਿਲਾਮੀ ਦੌਰਾਨ ਘਰ ਲਈ ਕੁਝ ਸਮਾਨ ਖਰੀਦਿਆ ਅਤੇ ਪਿਛਲੇ ਹਫਤੇ ਆਪਣੇ ਘਰ ਲਿਆਂਦਾ। ਇਨ੍ਹਾਂ ਵਸਤਾਂ ਵਿਚ ਦੋ ਸੂਟਕੇਸ ਸਨ ਜਿਨ੍ਹਾਂ ਵਿਚ ਬੱਚਿਆਂ ਦੀਆਂ ਲਾਸ਼ਾਂ ਬੰਦ ਸਨ। ਡਿਟੈਕਟਿਵ ਇੰਸਪੈਕਟਰ ਟੋਫਿਲਾਊ ਫਾਮਾਨੁਆ ਵੇਏਲੁਆ ਨੇ ਕਿਹਾ ਕਿ ਜਾਂਚ ਅਜੇ ਮੁੱਢਲੇ ਪੜਾਅ 'ਤੇ ਹੈ ਪਰ ਇਸ ਦੇ ਗੁੰਝਲਦਾਰ ਹੋਣ ਦੀ ਸੰਭਾਵਨਾ ਹੈ। ਆਕਲੈਂਡ ਵਿੱਚ ਇੰਸਪੈਕਟਰ ਨੇ ਕਿਹਾ, "ਸਾਨੂੰ ਮਾਮਲੇ ਦੀ ਤਹਿ ਤੱਕ ਜਾਣਾ ਪਵੇਗਾ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਘਟਨਾ ਕਿੱਥੇ, ਕਿਉਂ ਅਤੇ ਕਿਵੇਂ ਵਾਪਰੀ।" ਪੁਲਿਸ ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਇੰਟਰਪੋਲ ਨਾਲ ਵੀ ਸੰਪਰਕ ਕੀਤਾ ਹੈ। ,

Posted By: Tejinder Thind