ਨਈ ਦੁਨੀਆ, ਆਕਲੈਂਡ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘਰਾਂ 'ਚ ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਪੂਰੀ ਦੁਨੀਆ COVID-19 ਦੇ ਵਧਦੇ ਮਾਮਲਿਆਂ ਸਬੰਧੀ ਹੈਰਾਨ ਹੈ। ਇਸ ਦੌਰਾਨ ਨਿਊਜ਼ੀਲੈਂਡ ਤੋਂ ਇਕ ਚੰਗੀ ਖ਼ਬਰ ਹੈ। ਨਿਊਜ਼ੀਲੈਂਡ ਨੇ ਇਸ ਲੜਾਈ 'ਚ ਜਿੱਤ ਹਾਸਿਲ ਕਰ ਲਈ ਹੈ ਕਿਉਂਕਿ ਦੇਸ਼ ਨੇ ਬੁੱਧਵਾਰ ਨੂੰ ਆਕਲੈਂਡ ਦੇ ਮਿਡਲਮੋਰ ਹਸਪਤਾਲ ਤੋਂ ਆਪਣੀ ਆਖ਼ਰੀ ਕੋਰੋਨਾ ਇਨਫੈਕਟਿਡ ਮਰੀਜ਼ ਨੂੰ ਛੁੱਟੀ ਦੇ ਦਿੱਤੀ।

ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਕਿ ਲਗਾਤਾਰ 5ਵੇਂ ਦਿਨ, ਨਿਊਜ਼ੀਲੈਂਡ 'ਚ COVID-19 ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹੁਣ ਤਕ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1,474 ਹੈ ਤੇ COVID-19 ਦੇ ਸਿਰਫ਼ 8 ਹੀ ਸਰਗਰਮ ਮਾਮਲੇ ਹਨ। ਜੌਂਸ ਹਾਪਕਿੰਸ ਦੇ ਕੋਰੋਨਾ ਵਾਇਰਸ ਦੇ ਵਸੀਲਿਆਂ ਬਾਰੇ ਕੇਂਦਰ ਅਨੁਸਾਰ, ਦੇਸ਼ ਵਿਚ ਕੋਰੋਨਾ ਦੇ ਕੁੱਲ 1500 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ 21 ਲੋਕਾਂ ਦੀ ਮੌਤ ਹੋਈ ਹੈ ਜੋ ਹੋਰਨਾਂ ਦੇਸ਼ਾਂ ਨਾਲੋਂ ਕਾਫ਼ੀ ਬਿਹਤਰ ਹੈ।

ਇਸ ਖ਼ਤਰਨਾਕ ਵਾਇਰਸ ਨਾਲ ਨਜਿੱਠਣ 'ਚ ਸਫ਼ਲਤਾ ਦਾ ਸਿਹਰਾ ਪੀਐੱਮ ਜੇਸਿੰਡਾ ਅਰਡੇਨ ਦੀ ਅਸਰਦਾਰ ਅਗਵਾਈ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੇਸ਼ ਵਿਚ ਜਲਦੀ ਲਾਕਡਾਊਨ ਲਗਾ ਦਿੱਤਾ ਸੀ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਕੋਰੋਨਾ ਇਨਫੈਕਸ਼ਨ ਲਈ ਹਮਲਾਵਰ ਪ੍ਰੀਖਣ ਕੀਤੇ ਗਏ।

ਬਾਕੀ ਦੇਸ਼ਾਂ ਦੇ ਉਲਟ, ਨਿਊਜ਼ੀਲੈਂਡ 'ਚ COVID-19 ਸਬੰਧੀ ਪ੍ਰਤੀਕਿਰਿਆ ਮੁਕਾਬਲਤਨ ਤੇਜ਼ ਸੀ। ਜਦੋਂ ਦੇਸ਼ ਵਿਚ ਸਿਰਫ਼ 6 ਮਾਮਲੇ ਸਾਹਮਣੇ ਆਏ ਤਾਂ ਪੀਐੱਮ ਆਰਡੇਨ ਨੇ 14 ਮਾਰਚ ਨੂੰ ਐਲਾਨ ਕਰ ਕੇ ਦਿੱਤੀ ਸੀ ਕਿ ਦੇਸ਼ ਵਿਚ ਪ੍ਰਵੇਸ਼ ਕਰਨ ਵਾਲੇ ਕਿਸੇ ਵਿਅਕਤੀ ਨੂੰ ਦੋ ਹਫ਼ਤਿਆਂ ਲਈ ਸੈਲਫ ਆਈਸੋਲੇਸ਼ਨ 'ਚ ਰਹਿਣਾ ਪਵੇਗਾ।

19 ਮਾਰਚ ਨੂੰ ਜਦੋਂ ਮਾਮਲਿਆਂ ਦੀ ਗਿਣਤੀ 28 ਹੋ ਗਈ ਤਾਂ ਅਰਡੇਨ ਨੇ ਵਿਦੇਸ਼ੀਆਂ ਦੇ ਦੇਸ਼ ਵਿਚ ਪ੍ਰਵੇਸ਼ ਕਰਨ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ।

Posted By: Seema Anand