ਵਿਲਮਿੰਗਟਨ, ਏਜੰਸੀ : ਨਿਊਜ਼ੀਲੈਂਡ ਨੇ ਚੱਕਰਵਾਤ ਗੈਬਰੀਏਲ ਕਾਰਨ ਆਏ ਹੜ੍ਹ, ਜ਼ਮੀਨ ਖਿਸਕਣ ਅਤੇ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਤਿਹਾਸ ਵਿਚ ਇਹ ਤੀਜੀ ਵਾਰ ਹੈ ਜਦੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਤੂਫਾਨ ਕਾਰਨ ਲੋਕ ਆਪਣੇ ਘਰ ਖਾਲੀ ਕਰ ਕੇ ਛੱਤਾਂ ’ਤੇ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ। ਅੰਦਾਜ਼ੇ ਮੁਤਾਬਿਕ ਕਰੀਬ 2 ਲੱਖ 25 ਹਜ਼ਾਰ ਲੋਕਾਂ ਦੀ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ।
ਦੇਸ਼ ਭਰ ’ਚ ਹੋਇਆ ਨੁਕਸਾਨ
ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕਿ੍ਰਸ ਹਿਪਕਿਨਜ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਦੇ ਲੋਕਾਂ ਲਈ ਮੁਸ਼ਕਲ ਰਾਤ ਰਹੀ ਹੈ। ਖਖ਼ਾਸ ਕਰਕੇ ਉੱਤਰ ਦੇ ਉੱਪਰਲੇ ਖੇਤਰਾਂ ਲਈ। ਕਈ ਪਰਿਵਾਰਾਂ ਨੂੰ ਆਪਣੇ ਟਿਕਾਣੇ ਛੱਡਣੇ ਪਏ ਹਨ। ਕਈ ਘਰਾਂ ਵਿਚ ਬਿਜਲੀ ਨਹੀਂ ਹੈ। ਦੇਸ਼ ਭਰ ’ਚ ਵਿਆਪਕ ਨੁਕਸਾਨ ਹੋਇਆ ਹੈ।
ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਚੱਕਰਵਾਤ ਗੈਬਰੀਅਲ ਦੇਸ਼ ਦੇ ਉੱਤਰੀ ਟਾਪੂ ਦੇ ਤੱਟ ਦੇ ਨੇੜੇ ਆਕਲੈਂਡ ਤੋਂ ਲਗਭਗ 160 ਕਿਲੋਮੀਟਰ ਦੀ ਦੂਰੀ ’ਤੇ ਸੀ। ਇਸ ਦੇ ਉੱਤਰ-ਪੂਰਬ ਵੱਲ ਵਧਣ ਦੀ ਉਮੀਦ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਤੱਟਵਰਤੀ ਖੇਤਰ ਦੇ ਸਮਾਨਾਂਤਰ ਵਧੇਗਾ।
ਹੋਰ ਖ਼ਰਾਬ ਹੋ ਸਕਦਾ ਹੈ ਮੌਸਮ
ਉੱਤਰੀ ਟਾਪੂ ਦੇ ਪੂਰਬੀ ਤੱਟ ਅਤੇ ਉਪਰਲੇ ਦੱਖਣੀ ਟਾਪੂ ਲਈ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਆਫਤ ਪ੍ਰਬੰਧਨ ਮੰਤਰੀ ਕੈਰਨ ਮੈਕਐਨਲਟੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਇਸ ਸਮੇਂ ਤੂਫਾਨ ਦੇ ਸਭ ਤੋਂ ਮਾੜੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਹੋਰ ਮੀਂਹ ਅਤੇ ਹਵਾਵਾਂ ਦੀ ਸੰਭਾਵਨਾ ਹੈ। ਦੇਸ਼ ਭਾਰੀ ਹੜ੍ਹ, ਜ਼ਮੀਨ ਖਿਸਕਣ ਅਤੇ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਭਰ ਦੀਆਂ ਪਾਵਰ ਕੰਪਨੀਆਂ ਸਬ ਸਟੇਸ਼ਨਾਂ ਅਤੇ ਪਾਵਰ ਨੈਟਵਰਕ ਨੂੰ ਨੁਕਸਾਨ ਹੋਣ ਦੀਆਂ ਰਿਪੋਰਟਾਂ ਹੋ ਰਹੀਆਂ ਹਨ।

ਰਾਹਤ ਕਾਰਜ ਹੈ ਜਾਰੀ
ਊਰਜਾ ਮੰਤਰੀ ਮੈਗਨ ਵੁਡਸ ਦਾ ਕਹਿਣਾ ਹੈ ਕਿ ਲਗਭਗ 2 ਲੱਖ 25 ਹਜ਼ਾਰ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਅਧਿਕਾਰੀਆਂ ਨੇ ਤੱਟ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਦਰਿਆਵਾਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੋਰ ਲੋਕਾਂ ਦੇ ਘਰ ਛੱਡਣ ਦਾ ਖਦਸ਼ਾ ਹੈ। ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਮੋਬਾਈਲ ਸੇਵਾਵਾਂ ਵਿਚ ਵਿਘਨ ਪਿਆ ਹੈ ਅਤੇ ਕੁਝ ਸ਼ਹਿਰਾਂ ਵਿਚ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ।
ਉਡਾਣਾਂ ਕੀਤੀਆਂ ਮੁੜ ਸ਼ੁਰੂ
ਏਅਰ ਨਿਊਜ਼ੀਲੈਂਡ ਦੇ ਮੁਤਾਬਿਕ ਉਹ ਅੱਜ ਯਾਨੀ ਮੰਗਲਵਾਰ ਦੁਪਹਿਰ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਚੱਕਰਵਾਤ ਗੈਬਰੀਅਲ ਕਾਰਨ ਕੁੱਲ 592 ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਏਅਰ ਨਿਊਜ਼ੀਲੈਂਡ ਟਰਬੋਪ੍ਰੌਪ ਸੰਚਾਲਨ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਪਰ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਕੁਝ ਚੁਣੌਤੀਆਂ ਹੋ ਸਕਦੀਆਂ ਹਨ।
Posted By: Harjinder Sodhi