v> ਵੈਲਿੰਗਟਨ (ਏਪੀ) : ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਹੁਣ ਜ਼ਿੰਦਾ ਗਊਆਂ ਜਾਂ ਹੋਰ ਜਾਨਵਰਾਂ ਦੀ ਬਰਾਮਦ ਸਮੁੰਦਰ ਦੇ ਰਸਤੇ ਨਹੀਂ ਕਰੇਗਾ। ਇਹ ਫ਼ੈਸਲਾ ਮਨੁੱਖੀ ਨਜ਼ਰੀਏ ਨਾਲ ਲਿਆ ਗਿਆ ਹੈ। ਖੇਤੀਬਾੜੀ ਮੰਤਰੀ ਡੇਮੀਅਨ ਓ ਕੋਨੋਰ ਨੇ ਕਿਹਾ ਕਿ ਪਾਬੰਦੀ ਨੂੰ ਲਾਗੂ ਕਰਨ ਲਈ ਦੋ ਸਾਲ ਲੱਗਣਗੇ। ਇਸ ਬਿਜਨਸ 'ਚ ਜਿਹੜੇ ਲੋਕ ਹਨ ਜਾਂ ਨਿਵੇਸ਼ ਕੀਤਾ ਹੈ, ਉਨ੍ਹਾਂ ਨੂੰ ਦੋ ਸਾਲਾਂ 'ਚ ਇਸ ਵਪਾਰ 'ਚੋਂ ਨਿਕਲਣ ਦਾ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਨੇ ਇਕ ਸਾਲ ਪਹਿਲਾਂ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਸੀ ਜਦੋਂ 5800 ਜਾਨਵਰਾਂ ਨੂੰ ਲੈ ਕੇ ਜਾ ਰਿਹਾ ਇਕ ਬੇੜਾ ਚੀਨ ਨੇੜੇ ਖ਼ਰਾਬ ਮੌਸਮ ਕਾਰਨ ਡੁੱਬ ਗਿਆ ਸੀ, ਇਸ 'ਚ ਚਾਲਕ ਦਲ ਦੇ 40 ਮੈਂਬਰਾਂ ਸਮੇਤ ਸਾਰੇ ਜਾਨਵਰ ਮਾਰੇ ਗਏ ਸਨ। ਓ ਕੋਨੋਰ ਨੇ ਕਿਹਾ ਕਿ ਕੋਈ ਵੀ ਵਿੱਤੀ ਲਾਭ ਦੇਸ਼ ਦੇ ਸਨਮਾਨ ਤੋਂ ਉਪਰ ਨਹੀਂ ਹੈ। ਕਿਉਂਕਿ ਇਸ ਮਾਮਲੇ 'ਚ ਸੁਰੱਖਿਆ ਲਈ ਕੋਈ ਬਦਲ ਨਹੀਂ ਸੀ ਇਸ ਲਈ ਜਾਨਵਰਾਂ ਦੀ ਭਲਾਈ ਲਈ ਇਸ ਤਰ੍ਹਾਂ ਦਾ ਫ਼ੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਖਾਣੇ ਦੇ ਉਤਪਾਦਨ ਨੂੰ ਘੱਟ ਨਹੀਂ ਕਰਨਾ ਚਾਹੁੰਦੇ ਪਰ ਅਜਿਹੇ ਉਤਪਾਦਨ 'ਚ ਕਿਤੇ ਨੈਤਿਕਤਾ ਵੀ ਹੋਣੀ ਚਾਹੀਦੀ ਹੈ। ਜਾਨਵਰਾਂ ਦੀ ਭਲਾਈ 'ਚ ਲੱਗੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੀਆਂ ਸਨ। ਸਰਕਾਰ ਹੁਣ ਇਨ੍ਹਾਂ ਜਾਨਵਰਾਂ ਨੂੰ ਹਵਾਈ ਜਹਾਜ਼ ਰਾਹੀਂ ਭੇਜਣ 'ਤੇ ਵਿਚਾਰ ਕਰ ਰਹੀ ਹੈ।

Posted By: Ravneet Kaur