ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਵਿਸ਼ਵ ਦੇ ਨਕਸ਼ੇ 'ਤੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਂਵਾਂ ਰੱਖ ਇਕ ਸਿਰੇ 'ਤੇ ਕੁਦਰਤੀ ਸੁੰਦਰਤਾ ਦਾ ਖਜ਼ਾਨਾ ਸਮੋਈ ਬੈਠਾ ਦੇਸ਼ ਨਿਊਜ਼ੀਲੈਂਡ ਵਿਸ਼ਵ ਦਾ ਉਹ ਹਿੱਸਾ ਹੈ ਜਿੱਥੇ ਸੂਰਜ ਆਪਣੀ ਪਹਿਲੀ ਕਿਰਨ ਨਾਲ ਇਸ ਨੂੰ ਸਿਜਦਾ ਕਰਦਾ ਹੈ। ਇਥੋਂ ਦੇ ੳੱੁਤਰੀ ਟਾਪੂ ਦਾ ਇਕ ਸੈਰ-ਸਪਾਟਾ ਸਥਾਨ ਜਿਸ ਨੂੰ ਈਸਟ ਕੇਪ (ਲਾਈਟ ਹਾਊਸ) ਵੀ ਕਹਿੰਦੇ ਹਨ 'ਤੇ ਅੱਜ ਸਭ ਤੋਂ ਪਹਿਲੀ ਸੂਰਜ ਦੀ ਕਿਰਨ ਨੇ 5 ਵੱਜ ਕੇ 47 ਮਿੰਟ 'ਤੇ ਆਪਣੀ ਤਪਸ਼ ਦੇ ਨਾਲ ਧਰਤੀ ਨੂੰ ਨਿੱਘਾ ਕੀਤਾ ਤੇ ਸਾਲ 2019 ਦਾ ਆਗ਼ਾਜ਼ ਹੋ ਗਿਆ। ਸਮੁੰਦਰ ਕੰਢੇ ਉੱਚੀ ਪਹਾੜੀ 'ਤੇ ਬਣੇ 'ਲਾਈਟ ਹਾਊਸ' ਨੂੰ ਵੇਖ ਕੇ ਕਿਸੇ ਵੇਲੇ ਸਾਰੀਆਂ ਬੇੜੀਆਂ ਅਤੇ ਸਮੁੰਦਰੀ ਜਹਾਜ਼ ਸਮੁੰਦਰੀ ਤੱਟ ਦਾ ਅੰਦਾਜ਼ਾ ਲਗਾਇਆ ਕਰਦੇ ਸਨ। ਸੋ ਨਵੇਂ ਸਾਲ ਮੌਕੇ ਨਿਊਜ਼ੀਲੈਂਡ ਦੀ ਖ਼ਾਸ ਮਹਾਨਤਾ ਹੈ। ਦੇਸ਼ ਦੇ ਸਭ ਤੋਂ ਵੱਧ ਸ਼ਹਿਰੀ ਆਬਾਦੀ ਵਾਲੇ ਖੇਤਰ ਆਕਲੈਂਡ ਵਿਖੇ 1997 ਤੋਂ ਜਨਤਾ ਲਈ ਖੋਲ੍ਹੇ ਗਏ 328 ਮੀਟਰ ਉੱਚੇ 'ਸਕਾਈ ਟਾਵਰ' 'ਤੇ ਹਰ ਸਾਲ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਆਤਿਸ਼ਬਾਜ਼ੀ ਦਾ ਜਲੌਅ ਕੀਤਾ ਜਾਂਦਾ ਹੈ ਜਿਸ ਨੂੰ ਹਜ਼ਾਰਾਂ ਲੋਕੀ ਜਾ ਕੇ ਵੇਖਦੇ ਹਨ। ਬੀਤੀ ਰਾਤ ਵੀ ਇਥੇ ਜਸ਼ਨ ਮਨਾਏ ਗਏ 12 ਵੱਜਦੇ ਸਾਰ ਹੀ ਪਟਾਕੇ, ਫੁੱਲਝੜੀਆਂ, ਅਨਾਰ, ਰੰਗ-ਬਿਰੰਗੀਆਂ ਲਾਈਟਾਂ ਨੇ ਸ਼ਹਿਰ ਨੂੰ ਰੁਸ਼ਨਾ ਦਿੱਤਾ। ਗੋਰਿਆਂ ਦੇ ਕਹਿਣ ਮੁਤਾਬਕ ਇਹ ਜੀਵਨ ਬਹੁਤ ਛੋਟਾ ਹੈ। ਉਨ੍ਹਾਂ ਅਨੁਸਾਰ ਲੋਕ ਕਿਸੇ ਭੀੜ-ਭੜੱਕੇ ਦੀ ਪ੍ਰਵਾਹ ਕੀਤੇ ਬਿਨਾਂ ਇਹ ਖ਼ੁਸ਼ੀ ਦੇ ਪਲ ਨਹੀਂ ਗੁਆਉਂਦੇ। ਇਸ ਮੌਕੇ ਰਾਤ 9 ਵਜੇ ਤੋਂ ਇਕ ਵਜੇ ਤਕ ਹਾਰਬਰ ਬਿ੍ਰਜ ਨੂੰ ਰੁਸ਼ਨਾਇਆ ਗਿਆ ਜੋਕਿ ਵੇਖਣ ਵਾਲਾ ਸੀ।

ਇਸ ਤੋਂ ਇਲਾਵਾ ਭਾਰਤੀ ਲੋਕਾਂ ਨੇ ਵੀ ਧਾਰਮਿਕ ਸਥਾਨਾਂ 'ਤੇ ਜਾ ਕੇ ਉਸ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੇ ਨਾਲ ਕੀਤੀ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ, ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ, ਗੁਰਦੁਆਰਾ ਸਾਹਿਬ ਬੇਗਮਪੁਰਾ ਪਾਪਾਕੁਰਾ, ਗੁਰਦੁਆਰਾ ਦੱੁਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਸਮੇਤ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਅੰਦਰ ਗੁਰਬਾਣੀ ਕੀਰਤਨ, ਰੈਣ ਸਬਾਈ ਕੀਰਤਨ ਰਾਹੀਂ ਸੰਗਤ ਨੇ ਹਾਜ਼ਰੀ ਲਗਵਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ।