New Parliament of New Zealand ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ਦੀ 120 ਮੈਂਬਰਾਂ ਵਾਲੀ ਨਵੀਂ ਚੁਣੀ ਗਈ 53ਵੀਂ ਪਾਰਲੀਮੈਂਟ ਨਾਲ ਨਸਲੀ ਅਤੇ ਲਿੰਗਕ ਵੰਨ-ਸੁਵੰਨਤਾ ਵਾਲੇ ਕਈ ਅਹਿਮ ਤੱਥ ਜੁੜੇ ਹੋਏ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਐਤਕੀਂ 40 ਨਵੇਂ ਚਿਹਰੇ ਪਾਰਲੀਮੈਂਟ ‘ਚ ਆਏ ਹਨ,ਜਿਨ੍ਹਾਂ ‘ਚ ਇਤਿਹਾਸ ਸਿਰਜ ਕੇ ਭਾਰਤ ਦਾ ‘ਗੌਰਵ‘ ਵਧਾਉਣ ਵਾਲਾ ਇੱਕ ਭਾਰਤੀ ਡਾ. ਗੌਰਵ ਸ਼ਰਮਾ ਵੀ ਹੈ। ਪਾਰਲੀਮੈਂਟ ‘ਚ 48 ਫੀਸਦ ਭਾਵ 58 ਔਰਤਾਂ ਮੈਂਬਰ ਹਨ ਜਦੋਂ ਕਿ ਸੱਤਾਧਾਰੀ ਲੇਬਰ ਪਾਰਟੀ ਦੇ 55 ਫੀਸਦ ਮੈਂਬਰ ਔਰਤਾਂ ਹਨ। ਕਈ ਮੈਬਰ ਨਿਊਜ਼ੀਲੈਂਡ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਜਿਵੇਂ ਭਾਰਤ, ਚੀਨ, ਸ੍ਰੀਲੰਕਾ, ਅਫ਼ਰੀਕਾ, ਮੈਕਸੀਕੋ(ਲੈਟਿਨ ਅਮਰੀਕਾ) , ਇਰਾਨ, ਆਇਰਲੈਂਡ, ਮਾਲਦੀਵ, ਸਮੋਆ, ਟੌਂਗਾ, ਨੌਰਥਰਨ ਆਇਰਲੈਂਡ ਅਤੇ ਪੈਸੀਫਿਕ ਆਈਲੈਂਡ ਦੇਸ਼ਾਂ ਨਾਲ ਸਬੰਧਤ ਹਨ। ਸਭ ਤੋਂ ਛੋਟੀ ਉਮਰ ਦੀ ਐਮਪੀ ਐਰੇਨਾ ਵਿਲੀਅਮਜ਼ 24 ਸਾਲ ਦੀ ਹੈ। ਚੀਨ ਦੀ ਜੰਮੀ-ਪਲੀ ਨੇਸੀ ਚੇਨ 26 ਸਾਲ ਦੀ ਹੈ। ਐਕਟ ਪਾਰਟੀ ਦੀ ਕੋ-ਲੀਡਰ ਬਰੁੱਕ ਵੇਲਡਨ 27 ਸਾਲ ਦੀ ਹੈ। 12 ਸਾਲ ਬਾਅਦ ਪਾਰਲੀਮੈਂਟ ‘ਚ ਐਤਕੀਂ ਪੰਜਾਬੀ ਭਾਈਚਾਰੇ ਦੀ ਕੋਈ ਵੀ ਪ੍ਰਤੀਨਿਧ ਨਹੀਂ ਹੋਵੇਗਾ। ਹਾਲਾਂਕਿ ਰੇਨਬੋਅ ਕਮਿਊਨਿਟੀ ਨਾਲ ਸਬੰਧਤ 11 ਮੈਂਬਰ ਹੋਣ ਦੀ ਸੰਭਾਵਨਾ ਹੈ, ਜੋ ਲੇਬਰ ਅਤੇ ਗਰੀਨ ਪਾਰਟੀ ਨਾਲ ਸਬੰਧਤ ਹਨ।

ਦੁਨੀਆਂ ਦੇ ਖ਼ੂਬਸੁਰਤ ਦੇਸ਼ਾਂ ਚੋਂ ਇੱਕ ਨਿਊਜ਼ੀਲੈਂਡ ਨੂੰ ਪਰਵਾਸੀਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ‘ਚ ਅੱਧਿਓਂ ਵੱਧ ਅਤੇ ਪੂਰੇ ਦੇਸ਼ ‘ਚ 27 ਫੀਸਦ ਬਾਸ਼ਿੰਦੇ ਅਜਿਹੇ ਹਨ, ਜਿਨ੍ਹਾਂ ਦਾ ਜਨਮ ਦੁਨੀਆਂ ਦੇ ਹੋਰਨਾਂ ਮੁਲਕਾਂ ‘ਚ ਹੋਇਆ ਪਰ ਉਨ੍ਹਾਂ ਨੇ ਇਸ ਦੇਸ਼ ਨੂੰ ਆਪਣਾ ਬਣਾ ਲਿਆ। ਔਰਤਾਂ ਦੇ ਅਧਿਕਾਰਾਂ ਦੇ ਪੱਖ ਤੋਂ ਵੇਖੀਏ ਤਾਂ ਇਸ ਮੁਲਕ ਨੂੰ ਦੁਨੀਆਂ ਦਾ ਪਹਿਲਾ ਦੇਸ਼ ਹੋਣ ਦਾ ਮਾਣ ਹਾਸਲ ਹੈ, ਜਿਸਨੇ ਔਰਤਾਂ ਨੂੰ ਸਭ ਤੋਂ ਪਹਿਲਾਂ ਸੰਨ 1893 ‘ਚ ਵੋਟ ਦਾ ਅਧਿਕਾਰ ਦਾ ਅਧਿਕਾਰ ਦਿੱਤਾ। 107 ਸਾਲ ਪਹਿਲਾਂ, ਭਾਵ ਸਾਲ 1913 ‘ਚ ਪਹਿਲੀ ਵਾਰ ਬੀਬੀ ਐਲਿਜ਼ਬੈਥ ਮੈਕੌਮ ਨੇ ਪਾਰਲੀਮੈਂਟ ਦੀਆਂ ਚੜ੍ਹੀਆਂ ਅਤੇ ਦੇਸ਼ ਦੇ ਕਾਨੂੰਨ ਘੜਨ ਵਾਲਿਆਂ ਦੀ ਟੀਮ ਦਾ ਹਿੱਸਾ ਬਣੀ।

ਬਿਨਾ ਸ਼ੱਕ ਇਸ ਮੁਲਕ ਦੇ ਅਗਾਂਹਵਧੂ ਆਗੂਆਂ ਵੱਲੋਂ 127 ਸਾਲ ਪਹਿਲਾਂ ਲਏ ਗਏ ਫ਼ੈਸਲੇ ਦਾ ਹੀ ਸਿੱਟਾ ਹੈ ਕਿ ਵੋਟ ਦੇ ਅਧਿਕਾਰ ਦੇ ਨਾਲ-ਨਾਲ ਹੁਣ ਸਿਆਸਤ ‘ਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਕੁਝ ਦਿਨ ਪਹਿਲਾਂ 17 ਅਕਤੂਬਰ ਨੂੰ ਚੁਣੀ ਗਈ 53ਵੀਂ ਪਾਰਲੀਮੈਂਟ ‘ਚ ਔਰਤਾਂ ਦੀ ਭਾਗੀਦਾਰੀ ਕਰੀਬ ਅੱਧ ਦੇ ਬਰਾਬਰ ਪੁੱਜ ਗਈ ਹੈ। ਹੈਰਾਨੀਜਨਕ ਗੱਲ ਇਹ ਹੈ ਦੁਨੀਆ ਭਰ ‘ਚ ਵੱਡੇ ਲੀਡਰ ਵਜੋਂ ਉਭਰੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੀ ਅਗਵਾਈ ਲੇਬਰ ਪਾਰਟੀ ਦੇ 55 ਫੀਸਦ ਪਾਰਲੀਮੈਂਟ ਮੈਂਬਰ ਔਰਤਾਂ ਹਨ। ਇਸੇ ਤਰ੍ਹਾਂ ਜੁਡਿਥ ਕੌਲਿਨਜ ਦੀ ਅਗਵਾਈ ਵਾਲੀ ਵਿਰੋਧੀ ਨੈਸ਼ਨਲ ਦੇ 31 ਫ਼ੀਸਦ ਪਾਰਲੀਮੈਂਟ ਮੈਂਬਰ ਵੀ ਔਰਤਾਂ ਹਨ।

ਭਾਵੇਂ ਅਧਿਕਾਰਤ ਤੌਰ ‘ਤੇ ਨਤੀਜਿਆਂ ਦਾ ਐਲਾਨ ਓਵਰਸੀਜ਼, ਪੈਨਸ਼ਨਰਜ਼ ਅਤੇ ਕੈਦੀਆਂ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਚੋਣ ਕਮਿਸ਼ਨ ਵੱਲੋਂ 6 ਨਵੰਬਰ ਨੂੰ ਐਲਾਣਿਆ ਜਾਣਿਆ ਹੈ ਪਰ ਹੁਣ ਤੱਕ 98 ਫੀਸਦ ਵੋਟਾਂ ਦੀ ਹੋ ਚੁੱਕੀ ਗਿਣਤੀ ਦੇ ਅਧਾਰ ‘ਤੇ ਲੇਬਰ ਪਾਰਟੀ 64 ਸੀਟਾਂ ਜਿੱਤ ਚੁੱਕੀ ਹੈ। ਜੋ ਕਿ 120 ਮੈਂਬਰੀ ਪਾਰਲੀਮੈਂਟ ਲਈ ਬਹੁਮਤ ਸਾਬਤ ਕਰਨ ਵਾਲੇ 61 ਦੇ ਜਾਦੂਈ ਅੰਕੜੇ ਨਾਲੋਂ ਜ਼ਿਆਦਾ ਹਨ। ਵਿਰੋਧੀ ਨੈਸ਼ਨਲ ਨੂੰ 35, ਗਰੀਨ ਪਾਰਟੀ ਤੇ ਐਕਟ ਪਾਰਟੀ ਨੂੰ 10-10 ਸੀਟਾਂ ਮਿਲ ਚੁੱਕੀਆਂ ਹਨ। ਮੂਲ ਬਾਸ਼ਿੰਦਿਆਂ ਦੀ ਮਾਓਰੀ ਪਾਰਟੀ ਨੂੰ ਇੱਕ ਸੀਟ ਮਿਲੀ ਹੈ।

ਨਵੇਂ ਚੁਣੇ ਮੈਂਬਰਾਂ ‘ਚ 40 ਨਵੇਂ ਚਿਹਰੇ ਹਨ। ਜਿਨ੍ਹਾਂ ‘ਚ ਪਹਿਲੀ ਵਾਰ ਸ੍ਰੀਲੰਕਾ, ਲੈਟਿਨ ਅਮਰੀਕਾ ਅਤੇ ਅਫ਼ਰੀਕਾ ਨਾਲ ਸਬੰਧਤ ਮੈਂਬਰ ਪਾਰਲੀਮੈਂਟ ‘ਚ ਪੁੱਜੇ ਹਨ। ਭਾਰਤ ਦੇ ਜਨਮੇ ਦੋ ਮੈਂਬਰ ਪਾਰਲੀਮੈਂਟ ਪੁੱਜੇ ਹਨ। ਜਿਨ੍ਹਾਂ ਚੋਂ ਡਾ ਗੌਰਵ ਸ਼ਰਮਾ ਨੇ ਹੈਮਿਲਟਨ ਵੈਸਟ ਤੋਂ 44 ਸੌ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਮੂਲ ਦਾ ਕੋਈ ਮੈਂਬਰ ਵੋਟਾਂ ਰਾਹੀਂ ਚੁਣ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਿਆ ਹੈ। ਡਾ. ਗੌਰਵ ਸ਼ਰਮਾ ਹਿਮਾਚਲ ਪ੍ਰਦੇਸ਼ ‘ਚ ਜਨਮੇ ਹਨ ਅਤੇ ਉਨ੍ਹਾਂ ਮੁੱਢਲੀ ਪੜ੍ਹਾਈ ਵੀ ਉੱਥੇ ਵੀ ਕੀਤੀ ਹੈ। ਆਕਲੈਂਡ ਗਰਾਮਰ ਸਕੂਲ ਦੇ ਵਿਦਿਆਰਥੀ ਵੀ ਰਹੇ ਹਨ। ਯੂਨੀਵਰਸਿਟੀ ਆਫ ਆਕਲੈਂਡ ਤੋਂ ਐਮਬੀਬੀਐਸ ਪਾਸ ਹਨ ਅਤੇ ਬਤੌਰ ਡਾਕਟਰ ਵਜੋਂ ਪ੍ਰੈਕਟਿਸ ਕਰ ਰਹੇ ਹਨ। ਫੁੱਲਬਰਾਈਟ ਸਕਾਲਰ ਵਜੋਂ ਜੋਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਐਮਬੀਏ ਵੀ ਪਾਸ ਹਨ। ਡਾ. ਸ਼ਰਮਾ ਪੰਜਾਬੀ, ਹਿੰਦੀ, ਇੰਗਲਿਸ਼ ਅਤੇ ਸੰਸਕ੍ਰਿਤ ਭਾਸ਼ਾ ਦਾ ਵੀ ਗਿਆਨ ਰੱਖਦੇ ਹਨ। ਪਿਛਲੇ ਸਮੇਂ ਦੌਰਾਨ ਕਈ ਸੰਸਥਾਵਾਂ ‘ਚ ਬਤੌਰ ਵਲੰਟੀਅਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਕੇਰਲ ਮੂਲ ਪਰ ਚੇਨਈ ਦੀ ਜੰਮਪਲ 41 ਸਾਲਾ ਪ੍ਰਿਅੰਕਾ ਰਾਧਾਕ੍ਰਿਸ਼ਨ ਸਿਰਫ਼ 500 ਤੋਂ ਵੀ ਘੱਟ ਵੋਟਾਂ ਨਾਲ ਚੁਣੇ ਜਾਣ ਤੋਂ ਰਹਿ ਗਏ। ਇਸ ਤਰ੍ਹਾਂ ਪੰਜਾਬ ਦੇ ਸਿੱਧਵਾਂ ਬੇਟ ਪਿੰਡ ਨਾਲ ਸਬੰਧਤ ਬਲਜੀਤ ਕੌਰ ਪੰਨੂੰ ਵੀ ਤਿਕੋਣੇ ਮੁਕਾਬਲੇ ‘ਚ 4 ਕੁ ਹਜ਼ਾਰ ਵੋਟਾਂ ਦੇ ਨਾਲ ਪਿੱਛੇ ਰਹਿ ਗਏ। ਹਾਲਾਂਕਿ ਨਵੀਂ ਦਿੱਲੀ ਦੇ ਜੰਮਪਲ ਪਹਿਲੇ ਦਸਤਾਰਧਾਰੀ ਕੰਵਲਜੀਤ ਸਿੰਘ ਬਖਸ਼ੀ ਅਤੇ ਬੀਬੀ ਪਰਮਜੀਤ ਪਰਮਾਰ ਮਿਕਸਡ ਮੈਂਬਰਜ਼ ਪ੍ਰੋਪੋਰਸ਼ਨ ਸਿਸਟਮ ਰਾਹੀਂ ‘ਤੇ ਨੈਸ਼ਨਲ ਪਾਰਟੀ ਵੱਲੋਂ ਪਿਛਲੀ ਟਰਮ ਦੌਰਾਨ ਪਾਰਲੀਮੈਂਟ ਮੈਂਬਰ ਬਣੇ ਸਨ। ਜੋ ਪਾਰਟੀ ਨੂੰ ਪੈਣ ਵਾਲੀ ਵੋਟ ਦੇ ਅਧਾਰ ‘ਤੇ ਚੁਣੇ ਜਾਂਦੇ ਹਨ। ਜਿਸ ਵਾਸਤੇ ਪਾਰਟੀ ਲਈ ਘੱਟ-ਘੱਟ 5 ਫ਼ੀਸਦ ਵੋਟ ਲੈਣੀ ਜ਼ਰੂਰੀ ਹੁੰਦੀ ਹੈ। ਪਰ ਐਤਕੀਂ ਨੈਸ਼ਨਲ ਦੀ ਕਾਰਗੁਜ਼ਾਰੀ ਬਹੁਤ ਹੀ ਹਲਕੀ ਰਹਿਣ ਕਰਕੇ ਇਹ ਦੋਵੇਂ ਹੁਣ ਪਾਰਲੀਮੈਂਟ ਤੋਂ ਬਾਹਰ ਹੋ ਗਏ ਹਨ। ਸ੍ਰ ਬਖਸ਼ੀ ਨੇ ਸਾਲ 2008 ‘ਚ ਲਿਸਟ ਐਮਪੀ ਵਜੋਂ ਪਹਿਲੀ ਵਾਰ ਪੱਗ ਵਾਲੇ ਪੰਜਾਬੀ ਪਾਰਲੀਮੈਂਟ ‘ਚ ਗਏ ਸਨ। ਹਾਲਾਂਕਿ ਪਾਕਿਸਤਾਨ ਨਾਲ ਸਬੰਧਤ ਪੰਜਾਬੀ ਮੂਲ ਦੇ ਡਾ ਅਸ਼ਰਫ਼ ਚੌਧਰੀ ਵੀ ਪਾਰਲੀਮੈਂਟ ਮੈਂਬਰ ਰਹਿ ਚੁੱਕੇ ਹਨ।

ਇਸ ਵਾਰ ਲੇਬਰ ਪਾਰਟੀ ਦੀ ਸਾਊਥ ਇੰਡੀਅਨ ਮੂਲ ਦੀ ਪ੍ਰੀਅੰਕਾ ਰਾਧਾਕ੍ਰਿਸ਼ਨ ਹਜ਼ਾਰ ਕੁ ਵੋਟ ਦੇ ਫਰਕ ਨਾਲ ਪਛੜ ਗਈ ਪਰ ਉਹ ਲੇਬਰ ਪਾਰਟੀ ਦੀ ਲਿਸਟ ਐਮਪੀ ਬਣ ਕੇ ਪਾਰਲੀਮੈਂਟ ‘ਚ ਜ਼ਰੂਰ ਪੁੱਜਣਗੇ ਅਤੇ ਪਹਿਲਾਂ ਵੀ ਪਾਰਲੀਮੈਂਟ ਮੈਂਬਰ (ਲਿਸਟ) ਰਹਿ ਚੁੱਕੇ ਹਨ। ਤੇਲੰਗਾਨਾ ਨਾਲ ਸਬੰਧਤ ਬਾਲਾ ਬੀਰਮ ਵੀ ਨੈਸ਼ਨਲ ਦੀ ਟਿਕਟ ‘ਤੇ ਚੋਣ ਨਹੀਂ ਜਿੱਤ ਸਕੇ।

ਇਸ ਵਾਰ ਦੀਆਂ ਚੋਣਾਂ ‘ਚ ਸੱਤਾਧਾਰੀ ਲੇਬਰ ਪਾਰਟੀ ਨੇ ਐਤਕੀਂ ਕਰੀਬ 50 ਫੀਸਦ ਵੋਟ ਲੈ ਕੇ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੇ ਬਲਬੂਤੇ ਸਰਕਾਰ ਬਣਾਉਣ ਲਈ ਸਮਰੱਥ ਹੋ ਗਈ ਹੈ। ਹਾਲਾਂਕਿ ਪਿਛਲੀ ਵਾਰ ਦੋ ਹੋਰ ਛੋਟੀਆਂ ਪਾਰਟੀਆਂ ਦਾ ਸਹਾਰਾ ਲੈਣਾ ਪਿਆ ਸੀ। ਪਿਛਲੀਆਂ ਚੋਣਾਂ ਮੌਕੇ ‘ਕਿੰਗ ਮੇਕਰ‘ ਦੀ ਭੂਮਿਕਾ ਨਿਭਾਉਣ ਵਾਲੇ ਡਿਪਟੀ ਪ੍ਰਧਾਨ ਮੰਤਰੀ ਦੀ ਪਾਰਟੀ ਦਾ ਐਤਕੀਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਪਰ ਇੱਥੋਂ ਦੇ ਮੂਲ ਬਾਸ਼ਿੰਦਿਆਂ ਨਾਲ ਸਬੰਧਤ ‘ਮਾਓਰੀ ਪਾਰਟੀ‘ ਨੂੰ ਇਸ ਵਾਰ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਹੈ, ਜਿਸਦਾ ਅਸਲ ਨਤੀਜਾ ਸਪੈਸ਼ਲ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਸਿਰਫ ਪੰਜ ਕੁ ਸੌ ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ।

Posted By: Tejinder Thind