ਅਵਤਾਰ ਸਿੰਘ ਟਹਿਣਾ, ਆਕਲੈਂਡ : ਪਿਛਲੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ 'ਚ ਬੇਯਕੀਨੀ ਦੇ ਆਲਮ 'ਚ ਵਿਚਾਰ ਰਹੇ ਲੱਖਾਂ ਮਾਈਗਰੈਂਟ ਵਰਕਰਾਂ ਲਈ ਪੱਕੇ ਵਸਨੀਕ ਬਣਨ ਦਾ ਰਾਹ ਖੁੱਲ੍ਹ ਗਿਆ ਹੈ। ਜਿਸ ਨਾਲ ਉਹ ਇਕ ਸਾਲ ਦੇ ਅੰਦਰ-ਅੰਦਰ ਰੈਜ਼ੀਡੈਂਟ ਵੀਜ਼ਾ ਹਾਸਲ ਕਰ ਸਕਣਗੇ। ਇਸ ਵਾਸਤੇ ਪੰਜਾਬੀ ਭਾਈਚਾਰੇ ਨੇ ਕਈ ਤਰੀਕਿਆਂ ਨਾਲ ਦਬਾਅ ਪਾ ਕੇ ਪ੍ਰਧਾਨ ਮੰਤਰੀ ਤੇ ਇਮੀਗ੍ਰੇਸ਼ਨ ਮੰਤਰੀ ਨੂੰ ਮੰਗ ਪੱਤਰ ਵੀ ਦਿੱਤੇ ਸਨ ਤੇ ਸਰਕਾਰ ਨਾਲ ਲਗਾਤਾਰ ਰਾਬਤਾ ਬਣਾ ਕੇ ਪਰਵਾਸੀਆ ਪੰਜਾਬੀ ਕਾਮਿਆਂ ਦਾ ਦਰਦ ਦੱਸਿਆ ਸੀ।

ਜਾਣਕਾਰੀ ਅਨੁਸਾਰ ਨਵੇਂ ‘2021 ਰੈਜ਼ੀਡੈਂਟ ਵੀਜ਼ੇ’ ਲਈ ਅਪਲਾਈ ਕਰਨ ਵਾਸਤੇ ਪਹਿਲੇ ਪੜ੍ਹਾਅ ਦਾ ਕੰਮ 1 ਦਸੰਬਰ 2021 ਤੋਂ ਸ਼ੁਰੂ ਹੋਵੇਗਾ। ਜਦੋਂ ਕਿ ਦੂਜਾ ਪੜਾਅ 1 ਮਾਰਚ 2022 ਨੂੰ ਸ਼ੁਰੂ ਹੋਵੇਗਾ। ਇਸ ਬਾਰੇ ਅਕਤੂਬਰ ਮਹੀਨੇ ਦੇ ਅੰਤ ਤੱਕ ਹੋਰ ਜਾਣਕਾਰੀ ਦਿੱਤੀ ਜਾਵੇਗੀ। ਹਾਲਾਂਕਿ ਬਹੁਤ ਸਾਰੇ ਪੰਜਾਬੀ ਮੁੰਡੇ-ਕੁੜੀਆਂ ਨਵੇਂ ਫ਼ੈਸਲੇ ਦੇ ਲਾਭ ਤੋਂ ਵਾਂਝੇ ਰਹਿ ਗਏ ਹਨ, ਜੋ ਇਸ ਵੇਲੇ ਦੁਬਾਰਾ ਪੜ੍ਹਾਈ ਕਰਨ ਲੱਗ ਪਏ ਹਨ।

ਪਹਿਲੇ ਪੜਾਅ 'ਚ ਅਪਲਾਈ ਲਈ ਉਹ ਮਾਈਗਰੈਂਟ ਯੋਗ ਹਨ, ਜਿਨ੍ਹਾਂ ਨੇ ਸਕਿਲਡ ਮਾਈਵਰਕਜ ਕੈਟਾਗਿਰੀ ਤਹਿਤ ਪੀਆਰ ਪਾਈ ਹੋਈ ਹੈ ਅਤੇ ਵਰਕ ਟੂ ਰੈਜੀਡੈਂਸ ਵਾਲੇ ਅਪਲਾਈ ਕਰ ਸਕਦੇ ਹਨ। ਜਾਂ ਜਿਨ੍ਹਾਂ ਦੇ ਬੱਚੇ 17 ਸਾਲ ਤੋਂ ਉੱਤੇ ਹਨ ਅਤੇ ਈਉਆਈ ਪਹਿਲਾਂ ਅਪਲਾਈ ਕੀਤੀ ਹੋਈ ਹੈ ਅਤੇ ਸੀਲੈਕਟ ਨਹੀਂ ਹੋਈ।

ਇਸ ਵਾਸਤੇ 29 ਸਤੰਬਰ 2021 ਨੂੰ ਨਿਊਜ਼ੀਲੈਂਡ `ਚ ਮੌਜੂਦ ਹੋਣਾ ਜ਼ਰੂਰੀ ਹੈ ਤੇ ਉਸਨੂੰ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਿਊਜ਼ੀਲੈਂਡ 'ਚ ਰਹਿੰਦੇ ਹੋਣਾ ਜ਼ਰੂਰੀ ਅਤੇ ਹੋਰ ਕਈ ਸਧਾਰਨ ਸ਼ਰਤਾਂ ਚੋਂ ਇੱਕ ਸ਼ਰਤ ਪੂਰੀ ਕਰਨੀ ਜ਼ਰੂਰੀ ਹੈ। ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਦੇਸ਼ `ਚ ਮੌਜੂਦ 80 ਫ਼ੀਸਦ ਪ੍ਰਵਾਸੀ ਕਾਮੇ ਇਸ ਵੀਜ਼ੇ ਲਈ ਯੋਗ ਹਨ। ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਅਨੁਸਾਰ 2021 ਰੈਜੀਡੈਂਟ ਵੀਜ਼ਾ ਨਿਊਜ਼ੀਲੈਂਡ `ਚ ਕੰਮ ਕਰ ਰਹੇ ਇਕ ਲੱਖ 65 ਹਜ਼ਾਰ ਮਾਈਗਰੈਂਟ ਵਰਕਰਾਂ ਨੂੰ ਰਾਹਤ ਦੇਣ ਵਾਲਾ ਹੈ। ਕੋਵਿਡ -19 ਦੀਆਂ ਬਾਰਡਰ ਪਾਬੰਦੀਆਂ ਕਾਰਨ ਜਿਹੜੇ ਮਾਈਗਰੈਂਟ ਪਰਿਵਾਰਾਂ ਦੇ ਮੈਂਬਰਾਂ ਨੂੰ ਇਕ-ਦੂਜੇ ਤੋਂ ਵਿਛੜ ਕੇ ਰਹਿਣਾ ਪੈ ਰਿਹਾ ਸੀ, ਉਨ੍ਹਾਂ ਦਾ ਪਰਿਵਾਰ ਇਕੱਠਾ ਹੋ ਸਕੇਗਾ ਅਤੇ ਉਨ੍ਹਾਂ ਦੀ ਆਪਣੇ ਭਵਿੱਖ ਪ੍ਰਤੀ ਭਰੋਸਾ ਪੱਕਾ ਹੋ ਗਿਆ।

ਉੱਥੇ ਹੀ ਇਸ ਫ਼ੈਸਲੇ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਵੀਜ਼ੇ ਦੀਆਂ ਬਾਕੀ ਰਹਿੰਦੀਆਂ ਹੋਰ ਸ਼੍ਰੇਣੀਆਂ ਲਈ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਿੱਖ ਸੁਸਾਇਟੀ ਦੀ ਅਗਵਾਈ `ਚ ਏਸ਼ੀਅਨ ਭਾਈਚਾਰੇ ਨਾਲ ਸਬੰਧਤ 150 ਤੋਂ ਵੱਧ ਸੰਸਥਾਵਾਂ ਦੀ ਇੱਕ ਸਾਂਝੀ ਸੰਸਥਾ ‘ਯੁਨਾਈਟਿਡ ਵੁਆਇਸ’ ਰਾਹੀਂ ਸਰਕਾਰ ਅੱਗੇ ਪੱਖ ਰੱਖਿਆ ਗਿਆ ਸੀ ਕਿ ਮਾਈਗਰੈਂਟ ਵਰਕਰਾਂ ਨੂੰ ਪੱਕੇ ਕਰਨ ਲਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਸਰਕਾਰ ਦੇ ਫ਼ੈਸਲੇ ਤੋਂ ਬਾਅਦ ਪੰਜਾਬੀ ਭਾਈਚਾਰੇ `ਚ ਖੁਸ਼ੀ ਦੀ ਲਹਿਰ ਫ਼ੈਲ ਗਈ ਸੀ ਅਤੇ ਸਾਰਾ ਦਿਨ ਇੱਕ-ਦੂਜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਰਿਹਾ।

Posted By: Rajnish Kaur