ਆਕਲੈਂਡ : ਉੁਠਦੀਆਂ ਸਮੁੰਦਰੀ ਲਹਿਰਾਂ ਦੇ ਨਾਲ ਅਠਖੇਲੀਆਂ ਕਦੋਂ ਤੁਹਾਡੇ ਜੀਵਨ ਨੂੰ ਸ਼ਾਂਤ ਕਰ ਦੇਣ ਕੁਝ ਨਹੀਂ ਕਿਹਾ ਜਾ ਸਕਦਾ। ਬੀਤੇ ਕੱਲ੍ਹ ਆਕਲੈਂਡ ਤੋਂ ਲਗਪਗ 85 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਟਾਪੂ 'ਗੋਟ ਆਈਲੈਂਡ' ਵਿਖੇ ਜਿਸ ਵਿਅਕਤੀ ਦੀ ਡੁੱਬਣ ਨਾਲ ਮੌਤ ਹੋਈ ਹੈ ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਲਕਸ਼ਮੀ ਵਿਹਾਰ, ਮੋਹਨ ਗਾਰਡਨ, ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਪਾਰੁਸ਼ੂ ਕੈਂਥ ਹੈ। ਉਸ ਨੇ ਬੀਤੀ 28 ਜਨਵਰੀ ਨੂੰ ਹੀ ਇਥੇ ਆਪਣਾ ਜਨਮ ਦਿਨ ਮਨਾਇਆ ਸੀ। ਇਹ ਘਟਨਾ ਕੱਲ੍ਹ ਸ਼ਾਮ 3.40 ਵਜੇ ਦੀ ਹੈ। ਪੁਲਿਸ ਨੂੰ ਸੂਚਨਾ ਮਿਲਣ 'ਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਨਕਲੀ ਸਾਹ ਦਿੱਤਾ ਗਿਆ ਅਤੇ ਹੈਲੀਕਾਪਟਰ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਵੈਂਟੀਲੇਟਰ ਵੀ ਵਰਤਿਆ ਗਿਆ ਪਰ ਉਹ ਬੀਤੀ ਰਾਤ ਸਾਹ ਛੱਡ ਗਿਆ। ਡਾਕਟਰਾਂ ਅਨੁਸਾਰ ਉਸ ਦੇ ਅੰਦਰ ਕਾਫ਼ੀ ਪਾਣੀ ਚਲਾ ਗਿਆ ਸੀ। ਇਹ ਨੌਜਵਾਨ ਕੁਝ ਸਮੇਂ ਤੋਂ ਇਥੇ ਵਰਕ ਵੀਜ਼ੇ 'ਤੇ ਰਹਿ ਰਿਹਾ ਸੀ ਤੇ ਇਸ ਵੇਲੇ ਹੈਲਰਟਾਊ ਬ੍ਰੀਓਵੇਰੀ ਰੈਸਟੋਰੈਂਟ 'ਤੇ ਸ਼ੈੱਫ ਵਜੋਂ ਕੰਮ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਉਹ 'ਲੀ ਮੈਰੀਡੀਅਨ' ਅਤੇ 'ਸੂਰਿਆ' ਨਵੀਂ ਦਿੱਲੀ ਵਿਖੇ ਵੀ ਸ਼ੈੱਫ ਵਜੋਂ ਕੰਮ ਕਰ ਚੁੱਕਾ ਹੈ। ਨਿਊਜ਼ੀਲੈਂਡ ਦੇ ਵਿਚ ਵੀ ਉਸ ਨੇ ਕੁੱਕਰੀ ਦਾ ਡਿਪਲੋਮਾ ਕੀਤਾ ਸੀ। ਇਸ ਦਾ ਇਕ ਛੋਟਾ ਭਰਾ ਹੈ। ਪਰਿਵਾਰ ਦੀ ਆਰਥਿਕ ਹਾਲਤ ਵੀ ਦਰਮਿਆਨੀ ਹੈ ਅਤੇ ਇਹ ਨੌਜਵਾਨ ਹੀ ਘਰ ਦਾ ਖ਼ਰਚਾ ਚਲਾ ਰਿਹਾ ਸੀ। ਉਸ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਖੜਗ ਸਿੰਘ ਅਤੇ ਭਵਦੀਪ ਸਿੰਘ ਢਿਲੋਂ (ਆਨਰੇਰੀ ਕੌਂਸਲ ਆਫ ਆਕਲੈਂਡ) ਨਾਲ ਸੰਪਰਕ ਕੀਤਾ ਹੈ ਤਾਂਕਿ ਦੇਹ ਨੂੰ ਭਾਰਤ ਭੇਜਿਆ ਜਾ ਸਕੇ। ਇਸ ਨੌਜਵਾਨ ਦੀ ਮੌਤ ਦੇ ਸੋਗ ਵਜੋਂ ਉਸ ਦੇ ਰੈਸਟੋਰੈਂਟ ਵਾਲਿਆਂ ਨੇ ਵੀ ਇਕ ਦਿਨ ਲਈ ਆਪਣਾ ਕੰਮ ਬੰਦ ਰੱਖਿਆ।