ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਸਖ਼ਤ ਨੀਤੀਆਂ ਅਤੇ ਸ਼ਰਤਾਂ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਭਾਈਚਾਰੇ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਸੀ। ਇਨ੍ਹਾਂ ਨੀਤੀਆਂ 'ਤੇ ਕਮਿਊਨਿਟੀ ਦੀ ਨਬਜ਼ ਪਛਾਣਨ ਲਈ ਇਕ ਕਮਿਊਨਿਟੀ ਮੀਟਿੰਗ ਰਘਬੀਰ ਸਿੰਘ ਜੇਪੀ ਅਤੇ ਗੁਰਸਿਮਰਨ ਸਿੰਘ ਮਿੰਟੂ ਸਰਕਾਰੀਆ ਨੇ ਸੱਦੀ ਸੀ। ਇਸ ਸਬੰਧੀ ਕੋਰ ਕਮੇਟੀ ਪਰਮਿੰਦਰ ਸਿੰਘ, ਮੁਖਤਿਆਰ ਸਿੰਘ ਕਈ ਦਿਨ ਤੋਂ ਅਜਿਹਾ ਕਰਨ ਦਾ ਉਪਰਾਲਾ ਕਰ ਰਹੇ ਸਨ। ਵਿਮੈਨ ਕੇਅਰ ਸੈਂਟਰ ਵਿਖੇ ਹੋਈ ਇਸ ਮੀਟਿੰਗ ਵਿਚ ਨਵਤੇਜ ਰੰਧਾਵਾ ਨੇ ਆਏ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਿਆ।

ਮੀਟਿੰਗ ਸਬੰਧੀ ਸੰਖੇਪ ਮੀਟਿੰਗ ਏਜੰਡੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਰਘਬੀਰ ਸਿੰਘ ਜੇਪੀ ਨੇ ਗੱਲਬਾਤ ਕਰਦਿਆਂ ਬਦਲ ਰਹੇ ਇਮੀਗ੍ਰੇਸ਼ਨ ਨਿਯਮਾਂ ਦੀ ਗੱਲ ਕੀਤੀ। ਇਨ੍ਹਾਂ ਨਿਯਮਾਂ ਨੂੰ ਕਿਵੇਂ ਬਦਲੀ ਕਰਵਾਉਣਾ ਹੈ, ਬਾਰੇ ਖੁੱਲ੍ਹ ਕੇ ਗੱਲ ਕੀਤੀ ਗਈ। ਕ੍ਰਾਈਮ ਪ੍ਰੀਵੈਨਸ਼ਨ ਤੋਂ ਸੰਨੀ ਕੌਸ਼ਲ ਨੇ ਸਰਕਾਰ ਦੀਆਂ ਨੀਤੀਆਂ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਉਸ ਦੇ ਦੂਰਅੰਦੇਸ਼ੀ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ। ਗੁਰਸਿਮਰਨ ਸਿੰਘ ਮਿੰਟੂ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।

ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ ਤੋਂ ਅਨੂ ਕਲੋਟੀ ਨੇ ਸਰਕਾਰ ਦੇ ਨਿਯਮਾਂ ਨੂੰ, ਹੁੰਦੇ ਨਸਲੀ ਵਿਤਕਰਿਆਂ ਅਤੇ ਭੇਦਭਾਵ ਨੂੰ ਸਾਹਮਣੇ ਲਿਆਂਦਾ। ਇਮੀਗ੍ਰੇਸ਼ਨ ਸਲਾਹਕਾਰ ਸੰਨੀ ਸਿੰਘ ਨੇ ਸਰਕਾਰ ਦੀਆਂ ਵੀਜ਼ਾ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਨਸਲਵਾਦੀ ਟਿਪਣੀ ਕਰਨ ਵਾਲੇ ਸਾਂਸਦ ਸ਼ੇਨ ਜੋਨਸ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ।

ਮੈਂਬਰ ਪਾਰਲੀਮੈਟ ਜੈਮੀ ਲੀ ਨੇ ਵੀ ਆਪਣੇ ਭਾਸ਼ਣ 'ਚ ਸਰਕਾਰ ਦੀ ਨਿਖੇਧੀ ਕੀਤੀ। ਇਮੀਗ੍ਰੇਸ਼ਨ ਸਲਾਹਕਾਰ ਅਜੈ ਪਾਲ ਸਿੰਘ ਨੇ ਵੀ ਇਮੀਗ੍ਰੇਸ਼ਨ ਪ੍ਰਣਾਲੀ ਵਿਚੋਂ ਕਾਲੇ ਕੋਕੜੂ ਚੁਗਦਿਆਂ ਕਿਹਾ ਕਿ ਇਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਹੈ। ਬੇਅੰਤ ਸਿੰਘ ਜਾਡੋਰ ਨੇ ਕਿਹਾ ਕਿ ਬਿਜ਼ਨਸਮੈਨ ਐਨੇ ਔਖੇ ਹਨ ਕਿ ਕੰਮ ਕਰਨ ਵਾਸਤੇ ਕਾਮੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਇੰਡੀਆ ਵਿਆਹ ਵਾਸਤੇ ਮੰਗਣੀ ਕਰਵਾ ਕੇ ਆਇਆ ਸੀ ਪਰ ਹੁਣ ਉਹ ਲੜਕੀ ਨੂੰ ਵੀਜ਼ਾ ਨਹੀਂ ਦੇ ਰਹੇ। ਦੋ ਵਾਰ ਵੀਜ਼ੇ ਤੋਂ ਮਨਾਹੀ ਹੋ ਚੁੱਕੀ ਹੈ। ਇਸ ਕਮਿਊਨਿਟੀ ਮੀਟਿੰਗ ਦੇ ਵਿਚ ਪੁੱਜਣ ਵਾਲਿਆਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।