ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਸਾਹਮਣੇ ਜਿੱਥੇ ਮਹਾਤਮਾ ਗਾਂਧੀ ਦਾ ਕਾਂਸੇ ਦਾ ਬੁੱਤ 2 ਅਕਤੂਬਰ 2007 ਨੂੰ ਲਾਇਆ ਗਿਆ ਸੀ, ਵਿਖੇ ਅੱਜ ਉਨ੍ਹਾਂ ਦੇ 150ਵੇਂ ਜਨਮ ਦਿਵਸ ਮੌਕੇ ਫੁੱਲਮਾਲਾਵਾਂ ਪਾ ਕੇ ਉਨ੍ਹਾਂ ਦਾ ਜਨਮ ਦਿਵਸ ਮਨਾਇਆ ਗਿਆ।

ਮਹਾਤਮਾ ਗਾਂਧੀ ਜਿੱਥੇ ਅਹਿੰਸਾ ਦਾ ਸੁਨੇਹਾ ਵੰਡਦੇ ਸਨ, ਉੱਥੇ ਉਹ ਜ਼ਿਆਦਾਤਰ ਜਨਤਕ ਟਰਾਂਸਪੋਰਟ ਜਿਵੇਂ ਰੇਲ ਅਤੇ ਬੱਸ ਵਿਚ ਵੀ ਕਾਫੀ ਸਫ਼ਰ ਕਰਦੇ ਸਨ। ਇਸੇ ਕਰ ਕੇ ਉਨ੍ਹਾਂ ਦੇ ਬੁੱਤ ਲਈ ਰੇਲਵੇ ਸਟੇਸ਼ਨ ਦੇ ਸਾਹਮਣੇ ਦੀ ਥਾਂ ਨੂੰ ਚੁਣਿਆ ਗਿਆ ਸੀ। ਉਸ ਸਮੇਂ ਵਲਿੰਗਟਨ ਦੇ ਮੇਅਰ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ ਦੇਸ਼ ਦੇ ਭਾਰਤੀ ਮੂਲ ਦੇ ਗਵਰਨਰ ਜਨਰਲ ਆਨੰਦ ਸੱਤਿਆਨੰਦ ਅਤੇ ਹਾਈ ਕਮਿਸ਼ਨਰ ਕੇ ਅਰਨੈਸਟ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅੱਜ ਦੇ ਸਮਾਗਮ 'ਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸੀ ਅਤੇ ਭਾਰਤੀ ਸੰਸਦ ਮੈਂਬਰ ਸ਼ਾਮਲ ਹੋਏ। ਸੰਸਦ ਮੈਂਬਰ ਡਾ. ਪਰਮਜੀਤ ਪਰਮਾਰ ਨੇ ਮਹਾਤਮਾ ਗਾਂਧੀ ਦਾ ਬੁੱਤ ਆਕਲੈਂਡ ਵਿਚ ਵੀ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਆਕਲੈਂਡ ਦੇ ਮੇਅਰ ਵੱਲੋਂ ਕੁਝ ਸਮਾਂ ਪਹਿਲਾਂ ਮਹਾਤਮਾ ਗਾਂਧੀ ਦੇ ਨਾਂ 'ਤੇ ਫੋਟੋ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ।