ਅਵਤਾਰ ਸਿੰਘ ਟਹਿਣਾ, ਆਕਲੈਂਡ : ਸਾਹਿਤ ਨਾਲ ਸਬੰਧਤ ਕਾਰਜਾਂ ਨੂੰ ਪਾਏਦਾਰ ਢੰਗ ਨਾਲ ਚਲਾਉਣ ਲਈ ਸਾਉਣ ਮਹੀਨੇ ਦੇ ਪਹਿਲੇ ਹਫ਼ਤੇ ਸਾਹਿਤਕ ਸੱਥ ਨਿਊਜ਼ੀਲੈਂਡ ਦੀ ਸਥਾਪਨਾ ਕਰ ਦਿੱਤੀ ਗਈ ਹੈ। ਭਾਵੇਂ ਨਿਊਜ਼ੀਲੈਂਡ 125 ਸਾਲ ਦਾ ਪਰਵਾਸ ਜਿਥੇ ਸਾਂਭੀ ਬੈਠਾ ਹੈ ਪਰ ਵਿਚਾਰਕ ਤੌਰ ’ਤੇ ਭਾਈਚਾਰੇ ਦੀ ਤਸਵੀਰ ਬਣਾਉਣ ਵਾਲਾ ਕੋਈ ਵੀ ਜਥੇਬੰਦਕ ਸਾਹਿਤਕ ਵਿੰਗ ਇਸ ਮੁਲਕ ਵਿਚ ਹੋਂਦ ਵਿਚ ਨਹੀਂ ਆਇਆ ਸੀ, ਹਾਲਾਂਕਿ ਵਿਅਕਤੀਗਤ ਤੌਰ ’ਤੇ ਸਾਹਿਤਕ ਸਮਾਗਮ ਹੁੰਦੇ ਆ ਰਹੇ ਹਨ। ਹੁਣ ਨਵਾਂ ਮੰਚ ਨਵੀਆਂ ਕਲਮਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਮੌਕਾ ਦੇਵੇਗਾ ਅਤੇ ਪੰਜਾਬ ਤੋਂ ਆਏ ਕਲਮਕਾਰਾਂ ਨੂੰ ਵੀ ਲੋਕਾਂ ਦੇ ਰੂਬਰੂ ਕਰਵਾਉਣ ਦਾ ਸਬੱਬ ਬਣਾਏਗਾ।।

ਇਸ ਸਬੰਧੀ ਮੈਨੁਰੇਵਾ ਵਿਖੇ ਇਕ ਰੈਸਤਰਾਂ ’ਚ ਦੋ ਹਫ਼ਤਿਆਂ ਦੌਰਾਨ ਕੀਤੀਆਂ ਗਈਆਂ ਦੋ ਮੀਟਿੰਗਾਂ ’ਚ ਲੰਬੀ ਵਿਚਾਰ-ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਹੈਮਿਲਟਨ ਵਾਸੀ ਜੱਗੀ ਜੌਹਲ ਨੂੰ ਪ੍ਰਧਾਨ, ਕਰਮਜੀਤ ਅਕਲੀਆ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਲੂਥਰ ਨੂੰ ਖ਼ਜ਼ਾਨਚੀ ਅਤੇ ਸੋਸ਼ਲ ਮੀਡੀਆ ਵਿੰਗ ਚਲਾਉਣ ਲਈ ਰਣਜੀਤ ਸੰਧੂ ਨੂੰ ਪ੍ਰਚਾਰ ਸਕੱਤਰ ਚੁਣ ਲਿਆ ਗਿਆ। ਸੱਥ ਦੇ ਸੀਨੀਅਰ ਮੈਂਬਰ ਸ੍ਰੀ ਲੂਥਰ ਨੇ ਤਿੰਨੋਂ ਅਹਿਮ ਅਹੁਦੇਦਾਰਾਂ ਦੇ ਨਾਲ ਇਕ-ਇਕ ਸਹਾਇਕ ਲਾਉਣ ਦਾ ਮਤਾ ਵੀ ਪੇਸ਼ ਕੀਤਾ ਤਾਂਕਿ ਕਿਸੇ ਕਿਸਮ ਦੀ ਗ਼ੈਰ ਹਾਜ਼ਰੀ ਵਿਚ ਸੰਸਥਾ ਦੇ ਕੰਮ ਪ੍ਰਭਾਵਿਤ ਨਾ ਹੋ ਸਕਣ। ਸਿੱਟੇ ਵਜੋਂ ਅਮਰਜੀਤ ਸਿੰਘ ਲੱਖਾ ਨੂੰ ਮੀਤ ਪ੍ਰਧਾਨ, ਤਰਨਦੀਪ ਬਿਲਾਸਪੁਰ ਨੂੰ ਸਕੱਤਰ ਅਤੇ ਬਿਕਰਮਜੀਤ ਸਿੰਘ ਮਟਰਾਂ ਨੂੰ ਸਹਾਇਕ ਖ਼ਜ਼ਾਨਚੀ ਥਾਪ ਦਿੱਤਾ ਗਿਆ। ਕਾਰਜਕਾਰਨੀ ’ਚ ਚਾਰ ਜਨਰਲ ਮੈਂਬਰ ਸੱਤਾ ਵੈਰੋਵਾਲੀਆ, ਮੁਖਤਿਆਰ ਸਿੰਘ, ਮਨਵੀਰ ਸਿੰਘ ਤੇ ਅਵਤਾਰ ਸਿੰਘ ਗਿੱਲ ਸ਼ਾਮਲ ਕੀਤੇ ਗਏ। ਹਾਜ਼ਰ ਦੋ ਦਰਜਨ ਮੈਂਬਰਾਂ ਨੇ 11 ਮੈਂਬਰੀ ਕਾਰਜਕਾਰਨੀ ਦੀ ਸਥਾਪਨਾ ਕੀਤੀ ਜਿਸ ਨੂੰ ਅੱਗੇ ਨਿਊਜ਼ੀਲੈਂਡ ਦੇ ਹੋਰ ਪਾਠਕਾਂ, ਸਾਹਿਤਕ ਗਤੀਵਿਧੀਆਂ ਤਕ ਘੇਰਾ ਵਧਾਉਣ ਦੇ ਅਧਿਕਾਰ ਵੀ ਸਂੌਪੇ ਗਏ। ਸੱਥ ਦੀ ਸਾਲਾਨਾ ਮੈਂਬਰਸ਼ਿਪ ਵੀ ਸ਼ੁਰੂ ਕੀਤੀ ਗਈ ਹੈ ਅਤੇ ਸਾਹਿਤਕ ਮੱਸ ਰੱਖਣ ਵਾਲਾ ਕੋਈ ਵੀ ਸੱਜਣ ਸੱਥ ਦੇ ਜਨਰਲ ਸਕੱਤਰ ਕਰਮਜੀਤ ਅਕਲੀਆ ਨਾਲ ਸੰਪਰਕ ਕਰ ਸਕਦਾ ਹੈ।।

ਮੀਟਿੰਗ ਦੌਰਾਨ ਨਵ-ਨਿਯੁਕਤ ਪ੍ਰਧਾਨ ਜੱਗੀ ਜੌਹਲ ਨੇ ਵਚਨ ਦਿੱਤਾ ਕਿ ਸਾਹਿਤਕ ਸੱਥ ਹਮੇਸ਼ਾ ਸਿਆਸਤ ਤੋਂ ਲਾਂਭੇ ਹੋ ਕੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਪਾਸਾਰ ਲਈ ਹਮੇਸ਼ਾ ਯਤਨ ਕਰੇਗੀ।

Posted By: Tejinder Thind