ਵੇਲਿੰਗਟਨ (ਏਜੰਸੀਆਂ) : ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਦੇ ਫਿਰ ਦੋ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਭਾਰਤੀ ਵੀ ਹੈ ਜੋ ਆਪਣੀ ਪਤਨੀ ਨਾਲ ਨਿਊਜ਼ੀਲੈਂਡ ਪੁੱਜਾ ਹੈ। ਇਨ੍ਹਾਂ ਦੋ ਮਾਮਲਿਆਂ ਨੂੰ ਲੈ ਕੇ ਇਸ ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 9 ਹੋ ਗਈ ਹੈ। ਇਸ ਮਹੀਨੇ ਕੋਈ ਪਾਜ਼ੇਟਿਵ ਨਾ ਪਾਏ ਜਾਣ 'ਤੇ ਨਿਊਜ਼ੀਲੈਂਡ ਕੋਰੋਨਾ ਮੁਕਤ ਹੋਣ ਵਾਲਾ ਪਹਿਲਾ ਦੇਸ਼ ਬਣਿਆ ਸੀ ਪ੍ਰੰਤੂ ਅੱਠ ਦਿਨ ਪਹਿਲੇ ਦੁਬਾਰਾ ਕੋਰੋਨਾ ਪ੍ਰਭਾਵਿਤ ਮਰੀਜ਼ ਪਾਏ ਜਾਣ 'ਤੇ ਉਸ ਨੇ ਇਹ ਦਰਜਾ ਗੁਆ ਲਿਆ ਸੀ।

'ਨਿਊਜ਼ੀਲੈਂਡ ਹੈਰਾਲਡ' ਅਖ਼ਬਾਰ ਨੇ ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਦੇ ਹਵਾਲੇ ਨਾਲ ਦੱਸਿਆ ਕਿ ਏਅਰ ਇੰਡੀਆ ਦੀ ਉਡਾਣ ਤੋਂ ਇਕ ਭਾਰਤੀ ਵਿਅਕਤੀ ਆਪਣੀ ਪਤਨੀ ਨਾਲ ਇੱਥੇ ਪੁੱਜਾ। ਇਹ ਜੋੜਾ ਆਕਲੈਂਡ ਦੇ ਇਕ ਹੋਟਲ ਵਿਚ ਰੁਕਿਆ ਸੀ। ਭਾਰਤੀ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ ਦੂਜੇ ਮਾਮਲੇ ਵਿਚ ਇਕ ਬਾਲਗ ਉਮਰ ਦੀ ਕੁੜੀ ਕੋਰੋਨਾ ਪ੍ਰਭਾਵਿਤ ਪਾਈ ਗਈ ਹੈ। ਉਹ ਆਪਣੇ ਪਰਿਵਾਰ ਨਾਲ 13 ਜੂਨ ਨੂੰ ਇਸਲਾਮਾਬਾਦ ਤੋਂ ਇੱਥੇ ਪੁੱਜੀ ਸੀ। ਇਨ੍ਹਾਂ ਦੋਵਾਂ ਪੀੜਤਾਂ ਨੂੰ ਇਕ ਦੂਜੇ ਹੋਟਲ ਵਿਚ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ।

ਕਰੂਜ਼ ਦੇ ਦਾਖ਼ਲੇ 'ਤੇ ਵਧਾਈ ਗਈ ਰੋਕ

ਨਿਊਜ਼ੀਲੈਂਡ ਦੀ ਸਰਕਾਰ ਨੇ ਨਵੇਂ ਮਾਮਲੇ ਮਿਲਣ 'ਤੇ ਦੇਸ਼ ਦੀ ਸਰਹੱਦ ਵਿਚ ਕਰੂਜ਼ ਜਹਾਜ਼ਾਂ ਦੇ ਦਾਖ਼ਲ ਹੋਣ 'ਤੇ ਲੱਗੀ ਪਾਬੰਦੀ ਦੀ ਮਿਆਦ ਨੂੰ ਵਧਾ ਦਿੱਤਾ ਹੈ। ਨਾਲ ਹੀ ਰੋਕਥਾਮ ਦੇ ਉਪਾਵਾਂ ਨੂੰ ਵੀ ਸਖ਼ਤ ਕਰ ਦਿੱਤਾ ਗਿਆ ਹੈ।