ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ - ਨਿਊਜ਼ੀਲੈਂਡ ਵੱਸਦੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ 'ਦ ਰਾਇਲ ਨਿਊਜ਼ੀਲੈਂਡ ਏਅਰ ਫੋਰਸ' ਜਿਸ ਦੀ ਸਥਾਪਨਾ ਕਿਸੇ ਹੋਰ ਰੂਪ ਨਾਲ 1913 'ਚ ਪਹਿਲੀ ਵਾਰ ਤੇ ਫਿਰ ਇਕ ਅਪ੍ਰੈਲ, 1937 ਨੂੰ 'ਏਅਰ ਫੋਰਸ ਐਕਟ' (ਆਜ਼ਾਦ ਰੂਪ) ਬਣਾ ਕੇ ਕੀਤੀ ਗਈ ਅਤੇ ਇਸ ਏਅਰ ਫੋਰਸ ਨੇ ਦਰਜਨ ਤੋਂ ਵੱਧ ਜੰਗਾਂ-ਯੁੱਧਾਂ 'ਚ ਭਾਗ ਲਿਆ ਹੈ, ਵਿਚ ਪਹਿਲੀ ਵਾਰ 22 ਸਾਲਾ ਪੰਜਾਬੀ ਕੁੜੀ ਰਵਿੰਦਰਜੀਤ ਕੌਰ ਫਗੂੜਾ ਸ਼ਾਮਲ ਹੋ ਗਈ ਹੈ। ਗੁਰਪਾਲ ਸਿੰਘ (ਸਰਗਰਮ ਸਿੱਖ ਆਗੂ) ਅਤੇ ਰਾਣਾ ਮਨਵੀਰ ਕੌਰ (ਜੱਦੀ ਪਿੰਡ ਰਾਮ ਨਗਰ ਢੈਹਾ (ਹੁਸ਼ਿਆਰਪੁਰ) ਦੇ ਵਲਿੰਗਟਨ ਸਥਿਤ ਗ੍ਰਹਿ ਵਿਖੇ ਇਸ ਬੱਚੀ ਨੇ 1997 'ਚ ਜਨਮ ਲਿਆ। ਇਥੇ ਦੀ ਜੰਮਪਲ ਅਤੇ ਸਕੂਲੀ ਪੜ੍ਹਾਈ ਹੋਣ ਦੇ ਬਾਵਜੂਦ ਇਸ ਦੇ ਮਾਪਿਆਂ ਨੇ ਆਪਣੀ ਧੀ ਨੂੰ ਐਨੀ ਕੁ ਪੰਜਾਬੀ ਦੀ ਮੁਹਾਰਤ ਹਾਸਲ ਕਰਵਾ ਦਿੱਤੀ ਕਿ ਉਹ ਬੋਲਣ ਦੇ ਨਾਲ-ਨਾਲ ਪੜ੍ਹਨ ਲਿਖਣ ਵਿਚ ਵੀ ਮੁਹਾਰਤ ਰੱਖਦੀ ਹੈ। ਇਸ ਕੁੜੀ ਨੇ ਸੇਕਰਡ ਹਾਰਟ ਸਕੂਲ ਲੋਅਰਹਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ. ਕਾਮ 'ਚ ਗ੍ਰੈਜੂਏਸ਼ਨ ਕੀਤੀ। ਇਸ ਦੇ ਨਾਲ-ਨਾਲ ਇਸ ਕੁੜੀ ਨੇ ਵਲੰਟੀਅਰ ਤੌਰ 'ਤੇ 'ਏਅਰ ਫੋਰਸ ਕੈਡੇਟ ਨਿਊਜ਼ੀਲੈਂਡ' ਵਿਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ। 13 ਸਾਲ ਦੀ ਉਮਰ ਤੋਂ 18 ਸਾਲ ਤਕ ਇਹ ਕੁੜੀ ਇਸੇ ਕੈਡੇਟ ਦੇ ਰਾਹੀਂ 'ਏਅਰ ਫੋਰਸ 'ਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ। ਅਪ੍ਰੈਲ 2018 'ਚ ਇਸ ਨੇ ਆਕਲੈਂਡ ਬੇਸ ਆ ਕੇ ਭਰਤੀ ਹੋਣ ਲਈ ਦਾਖਲਾ ਲੈ ਲਿਆ ਅਤੇ 6 ਮਹੀਨੇ ਦੀ ਸਖ਼ਤ ਟ੫ੇਨਿੰਗ ਲਈ ਚੁਣੀ ਗਈ। ਦਸੰਬਰ ਮਹੀਨੇ ਇਸ ਨੇ ਆਪਣੀ ਗ੍ਰੈਜੂਏਸ਼ਨ ਪਾਸ ਕਰ ਲਈ ਅਤੇ ਲੋਹੜੀ ਵਾਲੇ ਦਿਨ ਇਸ ਨੇ ਬਕਾਇਦਾ ਆਪਣੀ ਨੌਕਰੀ ਸ਼ੁਰੂ ਕਰਕੇ ਨਿਊਜ਼ੀਲੈਂਡ ਦੇ ਇਤਿਹਾਸ 'ਚ ਪੰਜਾਬੀ ਕੁੜੀਆਂ ਦੀ ਆਮਦ ਵਾਲਾ ਪੰਨਾ ਸੁਨਹਿਰੀ ਅੱਖਰਾਂ 'ਚ ਲਿਖ ਦਿੱਤਾ। ਹਵਾਈ ਸੈਨਾ ਦੇ ਇਕ ਫ਼ੌਜੀ ਵਾਂਗ ਇਸ ਕੁੜੀ ਦੀ ਟ੫ੇਨਿੰਗ ਹੋਈ ਹੈ। ਵਿਭਾਗ ਨੇ ਇਸ ਵੇਲੇ ਰਵਿੰਦਰਜੀਤ ਕੌਰ ਨੂੰ 'ਸਪਲਾਈ ਅਫਸਰ' ਦੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਦੀ ਡਿਊਟੀ 'ਚ ਲੇਖਾ-ਜੋਖਾ ਰੱਖਣਾ ਅਤੇ ਹੋਰ ਦਫ਼ਤਰੀ ਕੰਮ ਕਰਨੇ ਹੁੰਦੇ ਹਨ। ਰਵਿੰਦਰਜੀਤ ਕੌਰ ਨੇ ਇਥੇ ਵੱਸਦੀਆਂ ਪੰਜਾਬੀ ਕੁੜੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਪੜ੍ਹਾਈ ਤੋਂ ਬਾਅਦ ਡਿਫੈਂਸ 'ਚ ਵੀ ਭਵਿੱਖ ਕਾਫ਼ੀ ਉਜਵਲ ਹੈ, ਸੋ ਦੇਸ਼ ਦੀ ਸੇਵਾ 'ਚ ਵੀ ਭਾਰਤੀ ਕੁੜੀਆਂ ਅੱਗੇ ਆਉਣ।

ਕੈਪਸ਼ਨ : ਰਵਿੰਦਰਜੀਤ ਕੌਰ ਫਗੂੜਾ।