ਵੈਲਿੰਗਟਨ, ਏਪੀ : ਪੂਰੀ ਦੁਨੀਆ ਕੋਰੋਨਾ ਵਾਇਰਸ (COVID-19) ਨੂੰ ਫੈਲਣ ਤੋਂ ਰੋਕਣ ਲਈ ਜੂਝ ਰਹੀ ਹੈ। ਇਸ ਦੌਰਾਨ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਸੋਮਵਾਰ ਨੂੰ ਕੋਰੋਨਾ ਮੁਕਤ ਹੋ ਗਿਆ। ਇੱਥੋਂ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਦਾ ਆਖ਼ਿਰੀ ਮਰੀਜ਼ ਇਨਫੈਕਸ਼ਨ ਤੋਂ ਉਭਰ ਆਇਆ ਹੈ।

ਨਿਊਜ਼ੀਲਐਂਡ 'ਚ ਆਖ਼ਰੀ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ 17 ਦਿਨ ਬੀਤ ਚੁੱਕੇ ਹਨ ਤੇ ਸੋਮਵਾਰ ਨੂੰ ਫਰਵਰੀ ਦੇ ਅਖੀਰ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਇੱਥੇ ਕੋਰੋਨਾ ਦਾ ਕੋਈ ਐਕਟਿਵ ਕੇਸ ਨਹੀਂ ਹੈ। ਹਾਲਾਂਕਿ, ਸਿਹਤ ਅਧਿਕਾਰੀਆਂ ਨੇ ਚਿਤਵਾਨੀ ਦਿੱਤੀ ਹੈ ਕਿ ਦੇਸ਼ ਦੇ ਬਾਹਰੋਂ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਵਾਇਰਸ ਕਾਰਨ ਨਾਗਰਿਕਾਂ ਤੇ ਨਿਵਾਸੀਆਂ ਨੂੰ ਛੱਡ ਕੇ ਬਾਕੀਆਂ ਲਈ ਦੇਸ਼ ਦੀ ਸਰਹੱਦ ਬੰਦ ਹੈ।

ਡਾਇਰੈਕਟਰ ਜਨਰਲ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਅਨੁਭਵ ਹੈ। ਉਨ੍ਹਾਂ ਕਿਹਾ, '28 ਫਰਵਰੀ ਤੋਂ ਬਾਅਦ ਪਹਿਲੀ ਵਾਰ ਕੋਈ ਐਕਟਿਵ ਕੇਸ ਨਾ ਹੋਣਾ ਯਕੀਨੀ ਰੂਪ 'ਚ ਸਾਡੀ ਯਾਤਰਾ 'ਚ ਇਕ ਸ਼ਾਨਦਾਰ ਅਨੁਭਵ ਹੈ, ਪਰ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਕੋਰੋਨਾ ਖ਼ਿਲਾਫ਼ ਚੱਲ ਰਹੀ ਚੌਕਸੀ ਲਾਜ਼ਮੀ ਤੌਰ 'ਤੇ ਜਾਰੀ ਰਹੇਗੀ।'

Posted By: Seema Anand