ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਆਕਲੈਂਡ ਕੌਂਸਲ ਦੀਆਂ ਚੋਣਾਂ ਅਕਤੂਬਰ ਮਹੀਨੇ ਹੋ ਰਹੀਆਂ ਹਨ। ਵੱਖ-ਵੱਖ ਸ਼ਹਿਰਾਂ ਤੋਂ ਉਮੀਦਵਾਰ ਆਪਣੀ-ਆਪਣੀ ਪਾਰਟੀ ਦੀ ਮਦਦ ਨਾਲ ਚੋਣ ਪ੍ਰਕ੍ਰਿਆ ਵਿਚੋਂ ਨਿਕਲ ਕੇ ਟਿਕਟਾਂ ਪ੍ਰਾਪਤ ਕਰ ਰਹੇ ਹਨ। ਪਾਪਾਕੁਰਾ-ਮੈਨੁਰੇਵਾ ਖੇਤਰ ਤੋਂ ਦੋ ਕੌਂਸਲਰ ਚੁਣੇ ਜਾਣੇ ਹਨ ਜਦਕਿ 6 ਲੋਕਲ ਬੋਰਡ ਮੈਂਬਰ ਪਾਪਾਕੁਰਾ ਚੁਣੇ ਜਾਣੇ ਹੁੰਦੇ ਹਨ ਅਤੇ ਮੈਨੁਰੇਵਾ ਦੇ 6 ਲੋਕਲ ਬੋਰਡ ਮੈਂਬਰ ਵੱਖਰੇ। ਲੋਕਲ ਬੋਰਡ ਮੈਂਬਰ ਸਥਾਨਕ ਕੌਂਸਲਰ ਦੇ ਨਾਲ ਰਾਬਤਾ ਕਾਇਮ ਕਰਕੇ ਸਥਾਨਕ ਸਰੋਕਾਰਾਂ ਨੂੰ ਸਰਕਾਰ ਤਕ ਪਹੁੰਚਾਉਣ ਵਿਚ ਮਦਦ ਕਰਦੇ ਹਨ।

ਹੁਣ ਪਾਪਾਕੁਰਾ ਹਲਕੇ ਤੋਂ ਭੁਪਿੰਦਰ ਸਿੰਘ ਪਾਬਲਾ ਅਤੇ ਜੈਸੀ ਪਾਬਲਾ ਇਸ ਵਾਰ ਲੇਬਰ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਹਨ। ਪਿੰਡ ਲਸਾੜਾ ਨੇੜੇ ਫਿਲੌਰ ਨਾਲ ਆਪਣਾ ਜੱਦੀ ਰਿਸ਼ਤਾ ਰੱਖਦਾ ਇਹ ਪਰਿਵਾਰ ਨਿਊਜ਼ੀਲੈਂਡ 'ਚ 34 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਹੈ। ਭੁਪਿੰਦਰ ਸਿੰਘ ਪਾਬਲਾ (54) ਇਸ ਵੇਲੇ ਨਿਊਜ਼ੀਲੈਂਡ ਨੇਵੀ ਵਿਚ ਪਿਛਲੇ 12 ਸਾਲ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਇੰਸਟਰੱਕਟਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਰੋਜ਼ਹਿਲ ਕਾਲਜ ਪਾਪਾਕੁਰਾ ਵਿਚ ਵੀ ਇਸੇ ਵਿਸ਼ੇ 'ਚ ਰਿਲੀਫ ਅਧਿਆਪਕ ਰਹਿ ਚੁੱਕੇ ਹਨ। ਨੇਵੀ ਵਿਚ ਸ਼ਾਇਦ ਇਹ ਪਹਿਲੇ ਪੰਜਾਬੀ ਇੰਸਟਰੱਕਟਰ ਹਨ। ਪਾਪਾਕੁਰਾ ਉਨ੍ਹਾਂ ਦਾ ਪੱਕਾ ਰੈਣ ਬਸੇਰਾ ਹੋਣ ਕਰਕੇ ਉਨ੍ਹਾਂ ਨੇ ਇਸ ਨੂੰ ਹੋਰ ਸੁੰਦਰ ਬਣਾਉਣ ਦਾ ਸੁਪਨਾ ਲਿਆ ਹੈ ਅਤੇ ਉਹ ਲੋਕਲ ਬੋਰਡ ਮੈਂਬਰ ਬਣ ਕੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦਾ ਫਰਜੰਦ ਜੈਸੀ ਪਾਬਲਾ (24) ਵੀ ਚੋਣ ਮੈਦਾਨ ਵਿਚ ਹੈ। ਜੈਸੀ ਪਾਬਲਾ ਇਸ ਤੋਂ ਪਹਿਲਾਂ 2017 ਵਿਚ ਹੋਈਆਂ ਆਮ ਚੋਣਾਂ (ਜਨਰਲ ਇਲੈਕਸ਼ਨ) ਵਿਚ ਪਾਪਾਕੁਰਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਚੁੱਕਾ ਹੈ ਅਤੇ 12,780 ਵੋਟਾਂ (35.08%) ਲੈ ਕੇ ਦੂਜੇ ਨੰਬਰ 'ਤੇ ਰਿਹਾ ਸੀ। ਜੈਸੀ ਪਾਬਲਾ ਬਾਅਦ ਵਿਚ ਵੀ ਲੇਬਰ ਪਾਰਟੀ ਦੇ ਨਾਲ ਜੁੜਿਆ ਰਿਹਾ ਹੈ ਅਤੇ ਲੇਬਰ ਪਾਰਟੀ ਦੇ ਮਲਟੀ ਕਲਚਰਲ ਵਿੰਗ ਦਾ ਚੇਅਰਮੈਨ ਵੀ ਰਹਿ ਚੁੱਕਾ ਹੈ। ਲੇਬਰ ਪਾਰਟੀ ਵੱਲੋਂ ਇਨ੍ਹਾਂ ਦੋਹਾਂ ਉਮੀਦਵਾਰਾਂ ਦੀ ਚੋਣ ਇਨ੍ਹਾਂ ਦੀ ਪਾਰਟੀ ਪ੍ਰਤੀ ਸਰਗਰਮੀਆਂ ਨੂੰ ਵੇਖਦਿਆਂ ਕੀਤੀ ਗਈ ਹੈ। ਇਹ ਦੋਵੇਂ ਚੁਣੇ ਗਏ ਉਮੀਦਵਾਰ ਜਲਦੀ ਹੀ ਆਪਣੀ ਨਾਮਜ਼ਦਗੀ ਦਾਖ਼ਲ ਕਰਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ। 19 ਜੁਲਾਈ ਤੋਂ ਨਾਮਜ਼ਦਗੀਆਂ ਦਾਖ਼ਲ ਕਰਨੀਆਂ ਸ਼ੁਰੂ ਹੋ ਜਾਣਗੀਆਂ। 21 ਅਗਸਤ ਨੂੰ ਉਮੀਦਵਾਰਾਂ ਦੀ ਸੂਚੀ ਤਿਆਰ ਹੋ ਜਾਵੇਗੀ।

ਪਾਪਾਕੁਰਾ-ਮੈਨੁਰੇਵਾ ਹਲਕੇ ਤੋਂ ਭਾਰਤੀ ਮੂਲ ਦੇ ਇਲਾਂਗੋ ਕ੍ਰਿਸ਼ਾਨਾਮੂਰਥੀ (ਤਾਮਿਲਨਾਡੂ) ਵੀ ਮੈਦਾਨ ਵਿਚ ਹਨ ਅਤੇ ਉਹ ਕੌਂਸਲਰ ਦੀ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਜਗਨ ਰੈਡੀ ਵੋਡਨਾਲਾ ਲੋਕਲ ਬੋਰਡ ਦੇ ਉਮੀਦਵਾਰ ਹਨ।

ਇਲੈਕਸ਼ਨ ਵਿਭਾਗ ਵੱਲੋਂ ਇਸ ਵੇਲੇ ਲੋਕਾਂ ਨੂੰ ਆਪਣੀਆਂ ਵੋਟਾਂ ਬਣਾਉਣ, ਐਡਰੈੱਸ ਤਬਦੀਲ ਕਰਾਉਣ ਜਾਂ ਨਵੀਆਂ ਬਣਾਉਣ ਵਾਸਤੇ ਕਿਹਾ ਜਾਣ ਲੱਗ ਪਿਆ ਹੈ। 16 ਅਗਸਤ ਤਕ ਵੋਟਾਂ ਬਣਾਈਆਂ ਜਾ ਸਕਦੀਆਂ ਹਨ। ਜੇਕਰ ਬਾਅਦ ਵਿਚ ਵੋਟ ਜਾਅਲੀ ਹੋਵੇ ਤਾਂ ਵਿਸ਼ੇਸ਼ ਤੌਰ 'ਤੇ ਅਰਜ਼ੀ ਦੇਣੀ ਹੋਵੇਗੀ। 20 ਤੋਂ 25 ਸਤੰਬਰ ਦਰਮਿਆਨ ਆਕਲੈਂਡ ਕੌਂਸਲ ਦੀਆਂ ਵੋਟਾਂ ਦੇ ਪੇਪਰ ਆਉਣੇ ਸ਼ੁਰੂ ਹੋ ਜਾਣੇ ਹਨ। 11 ਅਕਤੂਬਰ ਤਕ ਵੋਟਾਂ ਦਿੱਤੀਆਂ ਜਾ ਸਕਣਗੀਆਂ ਅਤੇ 12 ਅਕਤੂਬਰ ਨੂੰ ਦੁਪਹਿਰ 12 ਵਜੇ ਤਕ ਇਹ ਵੋਟਾਂ ਦਾ ਕੰਮ ਖ਼ਤਮ ਹੋ ਜਾਵੇਗਾ। ਲਾਇਬ੍ਰੇਰੀਆਂ ਅਤੇ ਡਾਕਖਾਨਿਆਂ ਵਿਚ 12 ਅਕਤੂਬਰ 12 ਵਜੇ ਤਕ ਹੀ ਵੋਟਾਂ ਡ੍ਰੋਪ ਕੀਤੀਆਂ ਜਾ ਸਕਣਗੀਆਂ।