ਅਵਤਾਰ ਸਿੰਘ ਟਹਿਣਾ, ਆਕਲੈਂਡ : ਹੈਮਿਲਟਨ ਸ਼ਹਿਰ ਨੇੜੇ ਪੰਜਾਬੀਆਂ ਦੇ ਇਕ ਫ਼ਾਰਮ ਹਾਊਸ 'ਤੇ ਇਸ ਸਾਲ 16 ਮਾਰਚ ਨੂੰ ਵਾਪਰੀ ਘਟਨਾ ਦੌਰਾਨ ਕਤਲ ਦੇ ਕੇਸ 'ਚ ਅਦਾਲਤ ਨੇ ਮ੍ਰਿਤਕ ਦੇ ਪੁੱਤਰ ਨੂੰ 2 ਸਾਲ ਇਕ ਮਹੀਨੇ ਕੈਦ ਦੀ ਸਜ਼ਾ ਸੁਣਾਈ ਦਿੱਤੀ। ਇਹ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਪਿਤਾ ਦੇ ਘਰ ਧੱਕੇ ਨਾਲ ਗਿਆ ਸੀ। ਜਿਸ ਦੌਰਾਨ ਦੋਹਾਂ 'ਚ ਹੋਈ ਹੱਥੋ-ਪਾਈ ਮੌਕੇ ਧੱਕਾ ਵੱਜਣ ਨਾਲ ਬਜ਼ੁਰਗ ਸਖ਼ਤ ਜ਼ਖਮੀ ਹੋ ਗਿਆ ਸੀ ਤੇ ਵਾਇਆਕਾਟੋ ਹਸਪਤਾਲ 'ਚ ਜਾ ਕੇ ਦਮ ਤੋੜ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਪਿਤਾ ਗੁਰਨਾਮ ਸਿੰਘ ਦੇ ਕਤਲ ਕੇਸ ਦਾ ਸਾਹਮਣਾ ਕਰ ਰਹੇ 43 ਸਾਲਾ ਬਹਾਦਰ ਨੂੰ ਬੀਤੇ ਸ਼ੁੱਕਰਵਾਰ 17 ਦਸੰਬਰ ਨੂੰ ਹੈਮਿਲਟਨ ਹਾਈਕੋਰਟ 'ਚ ਜਸਟਿਸ ਗਰਾਹਮ ਲਾਂਗ ਅੱਗੇ ਪੇਸ਼ ਕੀਤਾ ਗਿਆ ਸੀ। ਜਿਸ ਦੌਰਾਨ ਕਰਾਊਨ ਪ੍ਰੌਸੀਕਿਊਟਰ ਰਬੇਕਾ ਗੁਥਰੀ ਨੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਤੇ ਦਲੀਲ ਦਿੱਤੀ ਕਿ ਗੁਰਨਾਮ ਸਿੰਘ ਦੇ ਕਤਲ ਪਿੱਛੋਂ ਉਸ ਦੇ ਆਪਣੇ ਪਰਿਵਾਰ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ ਕਿਉਂਕਿ ਉਸ ਨੇ ਪਰਿਵਾਰ ਲਈ ਡੇਅਰੀ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਹ ਆਪਣੇ ਦੂਜੇ ਪੁੱਤ-ਪੋਤਿਆਂ ਦਾ ਵੀ ਵੱਡਾ ਸਹਾਰਾ ਸੀ। ਜਿਸ ਕਰਕੇ ਬਹਾਦਰ ਸਿੰਘ ਵੱਲੋਂ ਕੀਤੇ ਜਾ ਰਹੇ ਪਛਤਾਵੇ ਕਾਰਨ ਦਿੱਤੀ ਜਾਣ ਵਾਲੀ ਛੋਟ ਨੂੰ ਘੱਟ ਤੋਂ ਘੱਟ ਮਹੱਤਵ ਦਿੱਤਾ ਜਾਵੇ। ਇਸ ਪਿੱਛੋਂ ਜੱਜ ਨੇ 2 ਸਾਲ ਇਕ ਮਹੀਨੇ ਕੈਦ ਦੀ ਸਜ਼ਾ ਸੁਣਾਉਂਦਿਆਂ ਆਖਿਆ ਕਿ ਗੁਰਨਾਮ ਸਿੰਘ ਦੀ ਮੌਤ ਧੱਕਾ ਵੱਜਣ ਨਾਲ ਹੋਈ ਹੈ। ਨਾ ਕਿ ਘਸੁੰਨ ਵਰਗਾ ਸਿੱਧਾ ਵਾਰ ਕਰਨ ਨਾਲ। ਸ਼ਾਇਦ ਇਸੇ ਕਰਕੇ ਉਸ ਨੂੰ ਕਤਲ ਕੇਸ 'ਚ ਘੱਟ ਸਜ਼ਾ ਸੁਣਾਈ ਗਈ ਹੈ।

ਅਦਾਲਤ 'ਚ ਸੁਣਵਾਈ ਦੌਰਾਨ ਬਹਾਦਰ ਸਿੰਘ ਨੇ ਬੋਲ-ਬੋਲ ਕੇ ਆਪਣੇ ਪਰਿਵਾਰ ਤੇ ਮਾਂ-ਬਾਪ ਨਾਲ ਪਿਆਰ ਦਾ ਪ੍ਰਗਟਾਵਾ ਕਰਨ ਦੀ ਵੀ ਕੋਸਿ਼ਸ਼ ਕੀਤੀ ਪਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਅਸਰ ਨਹੀਂ ਕੀਤਾ। ਦੱਸਣਯੋਗ ਹੈ ਕਿ ਬਹਾਦਰ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਪਿਤਾ ਨੂੰ ਧੱਕਾ ਮਾਰ ਦਿੱਤਾ ਤੇ ਦਰਵਾਜੇ ਵਾਲਾ ਸ਼ੀਸ਼ਾ ਬੁਰੀ ਤਰ੍ਹਾਂ ਲੱਗਣ ਕਰਕੇ ਗੁਰਨਾਮ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਪਿੱਛੋਂ ਪੁਲਿਸ ਨੇ ਆ ਕੇ ਗੁਰਨਾਮ ਸਿੰਘ ਨੂੰ ਬੇਹੋਸ਼ੀ ਦੀ ਹਾਲਤ 'ਚ ਚੁੱਕ ਕੇ ਹਸਪਤਾਲ ਭਰਤੀ ਕਰਾਇਆ ਸੀ ਪਰ ਅਗਲੇ ਦਿਨ ਉਸ ਦੀ ਮੌਤ ਹੋ ਗਈ। ਇਹ ਘਟਨਾ ਵਾਇਆਕਾਟੋ ਦੇ ਮੌਰਨਿਸਵਿਲ ਦੇ ਨੇੜੇ ਗੋਰਡੋਨਟਨ ਦੀ ਵੈਲਇਨਟਾਈਨ ਰੋਡ 'ਤੇ ਬਣੇ ਇਕ ਡੇਅਰੀ ਫਾਰਮ 'ਤੇ ਵਾਪਰੀ ਸੀ। ਬਹਾਦਰ ਸਿੰਘ ਆਪਣੇ ਦੋ ਭਰਾਵਾਂ ਜਗਦੀਪ ਸਿੰਘ ਅਤੇ ਬਲਕਾਰ ਸਿੰਘ ਚੋਂ ਸਭ ਤੋਂ ਵੱਡਾ ਹੈ। ਇਹ ਪੰਜਾਬੀ ਪਰਿਵਾਰ ਬਹੁਤ ਸਾਲ ਪਹਿਲਾਂ ਨਿਊਜ਼ੀਲੈਂਡ ਆਇਆ ਸੀ ਤੇ ਪੰਜਾਬੀ ਭਾਈਚਾਰੇ ਨਾਲ ਬਹੁਤਾ ਤਾਲਮੇਲ ਨਹੀਂ ਹੈ।

Posted By: Sarabjeet Kaur