ਅਵਤਾਰ ਸਿੰਘ ਟਹਿਣਾ, ਆਕਲੈਂਡ : ਇੱਥੋਂ ਦੇ ਸ਼ਹਿਰ ਟੌਰੰਗਾ ਦੇ ਵਾਸੀ 10 ਸਾਲਾ ਪੰਜਾਬੀ ਬੱਚੇ ਨੇ ਨਿਊਜ਼ੀਲੈਂਡ 'ਚ ਵੀ ਪੰਜਾਬੀਆਂ ਦੇ ਬੁਲੰਦ ਹੌਸਲੇ ਦੀ ਨਵੀਂ ਮਿਸਾਲ ਪੇਸ਼ ਕੀਤੀ ਹੈ। ਭਾਰਤ 'ਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋ ਕੇ ਅਤੇ ਹੱਥਾਂ 'ਤੇ ਕਿਸਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਕੇ ਉਸ ਦੇ 9,000 ਫੁੱਟ ਤੋਂ ਹਵਾਈ ਛਾਲ ਮਾਰਨ 'ਤੇ ਪੰਜਾਬੀ ਭਾਈਚਾਰਾ ਪਰਿਵਾਰਕ ਮੈਂਬਰਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਜ਼ਿਲ੍ਹਾ ਬਠਿੰਡਾ ਦੇ ਰਾਮਗੜ੍ਹ ਭੂੰਦੜ ਪਿੰਡ ਨਾਲ ਸਬੰਧਤ ਦੰਦੀਪਾਲ ਪਰਿਵਾਰ ਦੇ ਭੁਪਿੰਦਰ ਸਿੰਘ ਅਤੇ ਅਮਨਦੀਪ ਕੌਰ ਦੇ 10 ਸਾਲਾ ਬੱਚੇ ਅਜ਼ਾਦ ਸਿੰਘ ਨੇ ਪਿਛਲੇ ਦਿਨੀਂ ਆਪਣੇ ਪਰਿਵਾਰਕ ਟੂਰ ਦੌਰਾਨ ਨਿਊਜ਼ੀਲੈਂਡ ਦੇ ਬਹੁਤ ਹੀ ਖ਼ੂਬਸੂਰਤ ਸ਼ਹਿਰ ਕੁਈਨਜ਼ਟਾਊਨ 'ਚ ਹੌਸਲੇ ਭਰਿਆ ਕੰਮ ਕੀਤਾ ਸੀ ਤਾਂ ਜੋ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੋਰ ਨੈਤਿਕ ਬਲ ਮਿਲ ਸਕੇ। ਛੇਵੀਂ ਕਲਾਸ 'ਚ ਪੜ੍ਹਨ ਵਾਲਾ ਇਹ ਬੱਚਾ ਹਾਕੀ ਦਾ ਵੀ ਵਧੀਆ ਖਿਡਾਰੀ ਦੱਸਿਆ ਜਾ ਰਿਹਾ ਹੈ।

ਅਜ਼ਾਦ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਦੰਦੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਟ੍ਰੇਲੀਆ 'ਚ ਇਕ ਕੁੜੀ ਵੱਲੋਂ ਕਿਸਾਨਾਂ ਦੇ ਹੱਕ 'ਚ ਸਕਾਈ ਡਾਈਵਿੰਗ ਕੀਤੇ ਜਾਣ ਤੋਂ ਬਾਅਦ ਅਜ਼ਾਦ ਨੇ ਵੀ ਉਸੇ ਰਾਹ 'ਤੇ ਚੱਲਣ ਲਈ ਦਿ੍ੜ੍ਹਤਾ ਵਿਖਾਈ ਸੀ। ਹਾਲਾਂਕਿ ਪਰਿਵਾਰ ਵਾਲਿਆਂ ਨੂੰ ਸ਼ੁਰੂ 'ਚ ਡਰ ਸੀ ਕਿਉਂਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਅੱਜ ਤਕ ਸਕਾਈ ਡਾਈਵਿੰਗ ਨਹੀਂ ਕੀਤੀ ਪਰ ਆਜ਼ਾਦ ਵੱਲੋਂ ਵਿਖਾਈ ਹਿੰਮਤ ਸਦਕੇ ਪਿੰਡ ਦੇ ਲੋਕ ਅਤੇ ਦੇਸ਼-ਵਿਦੇਸ਼ 'ਚ ਵੱਸਦੇ ਰਿਸ਼ਤੇਦਾਰ ਬਹੁਤ ਖ਼ੁੁਸ਼ ਹਨ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਅਜ਼ਾਦ ਸਿੰਘ ਟੌਰੰਗਾ ਦੇ ਗਰੀਨ ਪਾਰਕ ਸਕੂਲ 'ਚ ਛੇਵੀਂ ਕਲਾਸ ਦਾ ਵਿਦਿਆਰਥੀ ਹੈ ਜੋ ਹਾਕੀ ਵੀ ਬਹੁਤ ਦਿਲਚਸਪੀ ਨਾਲ ਖੇਡਦਾ ਹੈ। ਉਸ ਦੀ ਟੀਮ ਹੈਮਿਲਟਨ ਅਤੇ ਆਕਲੈਂਡ 'ਚ ਹੋਏ ਟੂਰਨਾਮੈਂਟਾਂ 'ਚ ਜਿੱਤ ਪ੍ਰਾਪਤ ਕਰ ਚੁੱਕੀ ਹੈ। ਜਿਕਰਯੋਗ ਹੈ ਕਿ ਇਹ ਦੰਦੀਵਾਲ ਪਰਿਵਾਰ 9-10 ਕੁ ਸਾਲ ਪਹਿਲਾਂ ਪਿੰਡ ਛੱਡ ਕੇ ਨਿਊਜ਼ੀਲੈਂਡ ਆਇਆ ਸੀ ਅਤੇ ਭੁਪਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦਾ ਪਰਿਵਾਰ ਵੀ ਟੌਰੰਗਾ 'ਚ ਹੀ ਰਹਿੰਦਾ ਹੈ।

Posted By: Sunil Thapa