v> ਮੈਲਬੌਰਨ (ਏਜੰਸੀ) : ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਕੋਰੋਨਾ ਪਾਜ਼ੇਟਿਵ ਇਕ ਭਾਰਤੀ ਨੌਜਵਾਨ ਨਿਯਮਾਂ ਦੀ ਅਣਦੇਖੀ ਕਰ ਕੇ ਕੁਆਰੰਟਾਈਨ ਸੈਂਟਰ ਤੋਂ ਨਿਕਲ ਕੇ ਖਰੀਦਦਾਰੀ ਕਰਨ ਲਈ ਚਲਾ ਗਿਆ। ਇਸ ਨਾਲ ਮਹਾਮਾਰੀ ਦੀ ਰੋਕਥਾਮ ਨੂੰ ਲੈ ਕੇ ਬਹੁਤ ਚੌਕਸ ਨਿਊਜ਼ੀਲੈਂਡ ਦੀ ਸਰਕਾਰ ਨੂੰ ਅੱਗੇ ਆ ਕੇ ਬਿਆਨ ਦੇਣਾ ਪਿਆ। ਸਥਾਨਕ ਮੀਡੀਆ ਦਾ ਮੁਤਾਬਕ, ਨਵੀਂ ਦਿੱਲੀ ਤੋਂ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਪਹੁੰਚੇ ਇਕ 32 ਸਾਲਾ ਭਾਰਤੀ ਨੌਜਵਾਨ ਨੂੰ ਇਹਤਿਆਤ ਦੇ ਤੌਰ 'ਤੇ ਸ਼ਹਿਰ ਦੇ ਇਕ ਕੁਆਰੰਟਾਈਨ ਸੈਂਟਰ 'ਚ ਰੱਖਿਆ ਗਿਆ ਸੀ। ਪਰ ਪਿਛਲੇ ਮੰਗਲਵਾਰ ਨੂੰ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਉਹ ਚੁੱਪਚਾਪ ਖ਼ਰੀਦਦਾਰੀ ਕਰਨ ਨਜ਼ਦੀਕੀ ਬਾਜ਼ਾਰ ਚਲਾ ਗਿਆ। ਅਗਲੇ ਦਿਨ ਕੋਰੋਨਾ ਜਾਂਚ ਦੀ ਆਈ ਰਿਪੋਰਟ 'ਚ ਉਹ ਪਾਜ਼ੇਟਿਵ ਨਿਕਲਿਆ। ਨਿਊਜ਼ੀਲੈਂਡ ਦੇ ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਇਸ ਘਟਨਾ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ। ਨੌਜਵਾਨ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਦੋਸ਼ੀ ਪਾਏ ਜਾਣ 'ਤੇ ਉਸਨੂੰ ਛੇ ਮਹੀਨੇ ਦੀ ਸਜ਼ਾ ਹੋ ਸਕਦੀ ਹੈ ਜਾਂ ਫਿਰ ਚਾਰ ਹਜ਼ਾਰ ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

Posted By: Rajnish Kaur