ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ਬਾਹਰ `ਚ ਫਸੇ ਬੈਠੇ ਮਾਈਗ੍ਰੈਂਟ ਵਰਕਰਾਂ ਨੂੰ ਵਾਪਸ ਨਿਊਜ਼ੀਲੈਂਡ ਲਿਆਉਣ ਲਈ ਸਰਕਾਰ ਨੂੰ 50 ਨਵੇਂ ਘਰ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇੱਥੇ ਲਿਆ ਕੇ ਇਕਾਂਤਵਾਸ `ਚ ਰੱਖਿਆ ਜਾ ਸਕੇ। ਇਹ ਪੇਸ਼ਕਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਾਰੇ ਭਾਰਤੀ ਵਾਪਸ ਨਹੀਂ ਆ ਜਾਂਦੇ। ਇਮੀਗ੍ਰੇਸ਼ਨ ਮਨਿਸਟਰ ਨੇ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਅਗਲੇ ਫ਼ੈਸਲਿਆਂ ਵਾਸਤੇ ਇਸਦਾ ਖਿਆਲ ਰੱਖਣਗੇ। ਹਾਲਾਂਕਿ ਮਨਿਸਟਰ ਨੇ ਕੋਈ ਨਵਾਂ ਐਲਾਨ ਨਹੀਂ ਕੀਤਾ ਅਤੇ ਕੋਈ ਤਸੱਲੀਬਖਸ਼ ਜਵਾਬ ਵੀ ਨਹੀਂ ਦਿੱਤਾ। ਸਿਰਫ਼ ਬਾਰਡਰ ਪਾਲਿਸੀ ਰਾਹੀਂ ਨਿਊਜ਼ੀਲੈਂਡ ਵਾਸੀਆਂ ਨੂੰ ਪਹਿਲ ਦੇ ਅਧਾਰ `ਤੇ ਸੁਰੱਖਿਅਤ ਰੱਖਣ ਦਾ ਹੀ ਗੁਣਗਾਣ ਕਰਦੇ ਰਹੇ।

ਅੱਜ ਇੱਥੇ ਪੰਜਾਬ ਵਿਰਾਸਤ ਭਵਨ ਅਤੇ ਐੱਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ `ਚ ਆਏ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬਲਾਰੇ ਦਲਜੀਤ ਸਿੰਘ ਅਤੇ ਉੱਘੇ ਬਿਜ਼ਨਸਮੈਨ ਪਿਰਥੀਪਾਲ ਸਿੰਘ ਬਸਰਾ ਦੀ ਅਗਵਾਈ `ਚ ਦੇਸ਼ ਦੇ 16 ਗੁਰੂਘਰਾਂ ਦੀਆਂ ਕਮੇਟੀਆਂ ਵੱਲੋਂ ਸੌਂਪੇ ਮੰਗ ਪੱਤਰ ਮਾਈਗਰੈਂਟ ਭਾਈਚਾਰੇ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ ਹੈ।

ਪਰਮਾਨੈਂਟ ਰੈਜ਼ੀਡੈਂਸੀ ਲਈ ਜਮ੍ਹਾਂ ਕਰਵਾਈ ਜਾਣ ਵਾਲੀ ਫਾਈਲ ਤੋਂ ਪਹਿਲਾਂ ਇੱਕ ਹੋਰ ਦਰਖ਼ਾਸਤ ਭਾਵ ਈਆਈ (ਐਕਪ੍ਰੈਸ਼ਨ ਆਫ ਇੰਟਰੱਸਟ) ਬਾਰੇ ਵੀ ਮੰਗ ਪੱਤਰ ਰਾਹੀਂ 16 ਮਹੀਨਿਆਂ ਤੋਂ ਧੂੜ ਫੱਕ ਰਹੀਆਂ ਅਰਜ਼ੀਆਂ `ਤੇ ਧਿਆਨ ਦਿਵਾਉਂਦਿਆ ਕਿਹਾ ਗਿਆ ਹੈ ਕਿ ਦੇਸ਼ ਦੇ ਇਤਿਹਾਸ `ਚ ਪਹਿਲੀ ਵਾਰ ਹੋਇਆ ਹੈ ਕਿ ਸਕਿਲਡ ਵਰਕਰਾਂ ਦੀਆਂ 15 ਤੋਂ 20 ਹਜ਼ਾਰ ਅਰਜ਼ੀਆਂ `ਤੇ ਕੋਈ ਅਮਲ ਨਹੀਂ ਹੋ ਰਿਹਾ। ਜਿਨ੍ਹਾਂ `ਤੇ ਦੇਸ਼ ਦੀ ਮੌਜੂਦਾ ਇਮੀਗਰੇਸ਼ਨ ਪਾਲਿਸੀ ਦੇ ਅਧਾਰ `ਤੇ ਤੁਰੰਤ ਪ੍ਰਾਸੈੱਸਿੰਗ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਯੋਗ ਸਕਿਲਡ ਵਰਕਰਾਂ ਨੂੰ ਫ਼ੈਸਲੇ ਦੀ ਉਡੀਕ `ਚ ਦੋ-ਦੋ ਸਾਲ ਤੋਂ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਕੋਵਿਡ-19 ਦੀ ਵਜ੍ਹਾ ਕਾਰਨ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਲਈ ਮਜ਼ਬੂਰ ਹੋ ਚੁੱਕੇ ਮਾਈਗਰੈਂਟ ਵਰਕਰਾਂ ਨੂੰ ਇਮੀਗਰੇਸ਼ਨ ਐਕਟ ਦੇ ਸੈਕਸ਼ਨ 61 ਤਹਿਤ ਵੀਜ਼ਾ ਪਾਉਣ ਦੀ ਇਜਾਜ਼ਤ ਮੰਗੀ ਗਈ ਹੈ, ਜੋ ਦੇਸ਼ ਦੀ ਇਕਾਨਮੀ `ਚ ਟੈਕਸਾਂ ਰਾਹੀਂ ਵੱਡਾ ਯੋਗਦਾਨ ਪਾ ਚੁੱਕੇ ਹਨ। ਜਿਸ ਕਰਕੇ ਇਹ ਤਜਰਬੇਕਾਰ ਵਰਕਰ ਦੇਸ਼ `ਚ ਕਾਮਿਆਂ ਦੀ ਥੁੜ ਵਾਲੇ ਖੱਪੇ ਨੂੰ ਪੂਰਨ ਲਈ ਸਹਾਈ ਸਿੱਧ ਹੋ ਸਕਦੇ ਹਨ।

ਇਸ ਤੋਂ ਇਲਾਵਾ ਕਲਚਰਲੀ ਅਰੇਂਜ਼ਡ ਮੈਰਿਜ (ਮਾਪਿਆਂ ਦੀ ਰਜ਼ਾ ਨਾਲ ਕਰਵਾਈ ਗਈ ਸ਼ਾਦੀ) ਦਾ ਮੁੱਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਗਿਆ ਹੈ। ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜ਼ੀਡੈਂਟਸ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਨਿਊਜ਼ੀਲੈਂਡ ਆਉਣ ਵਾਸਤੇ ਪਹਿਲ ਦੇ ਅਧਾਰ `ਤੇ ਵਿਚਾਰਨ ਦੀ ਮੰਗ ਕੀਤੀ ਗਈ ਹੈ। ਇਸ ਨੁਕਤੇ ਵੱਲ ਵੀ ਧਿਆਨ ਦਿਵਾਇਆ ਗਿਆ ਹੈ ਕਿ ਕਲਚਰਲੀ ਅਰੇਂਜਡ ਮੈਰਿਜ ਤਹਿਤ ਪਾਰਟਨਰਜ਼ ਦੇ ਵੀਜ਼ੇ ਵਾਲੀਆਂ ਅਰਜ਼ੀਆਂ ਬਿਨਾਂ ਵਜ੍ਹਾ ਰੱਦ ਕੀਤੀਆਂ ਜਾ ਰਹੀਆਂ ਹਨ।

ਇਸੇ ਤਰ੍ਹਾਂ ਟੈਂਪਰੇਰੀ ਵੀਜ਼ੇ ਵਾਲਿਆਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਵੀ ਨਿਊਜ਼ੀਲੈਂਡ ਆਉਣ ਦੀ ਖੁੱਲ੍ਹ ਦੇਣ ਬਾਰੇ ਅਰਜ਼ ਕੀਤੀ ਗਈ ਹੈ। ਜਿਨ੍ਹਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ ਕਿਉਂਕਿ ਉਹ ਤਾਂ ਵਾਪਸ ਇੰਡੀਆ ਵੀ ਨਹੀਂ ਜਾ ਸਕਦੇ। ਜੇ ਜਾਂਦੇ ਹਨ ਤਾਂ ਉਨ੍ਹਾਂ ਦੀ ਵਾਪਸੀ ਦਾ ਰਾਹ ਬੰਦ ਹੋ ਜਾਂਦਾ ਹੈ।

ਇਸ ਮਾਮਲੇ ਨੂੰ ਲੈ ਕੇ ਭਾਈਚਾਰੇ ਦੇ ਆਗੂਆਂ ਨੇ ਜ਼ੁਬਾਨੀ ਵੀ ਕਈ ਨੁਕਤੇ ਉਠਾਏ ਅਤੇ ਪਿਰਥੀਪਾਲ ਸਿੰਘ ਬਸਰਾ ਨੇ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਕੋਲ 50 ਘਰਾਂ ਦੀ ਪੇਸ਼ਕਸ਼ ਕੀਤੀ। ਜਿਨ੍ਹਾਂ `ਚ ਇੰਡੀਆ ਤੋਂ ਮਾਈਗਰੈਂਟ ਵਰਕਰਾਂ ਨੂੰ ਲਿਆ ਕੇ ਆਈਸੋਲੇਟ ਕੀਤਾ ਜਾ ਸਕਦਾ ਹੈ। ਜਿਸ ਨਾਲ ਸਰਕਾਰ `ਤੇ ਕੋਈ ਬੋਝ ਨਹੀਂ ਪਵੇਗਾ। ਕਈ ਹੋਰ ਨੁਕਤੇ ਵੀ ਸਾਂਝੇ ਕੀਤੇ ਗਏ ਤਾਂ ਜੋ ਨਿਊਜ਼ੀਲੈਂਡ ਆਉਣ ਵਾਸਤੇ ਪਰਵਾਸੀ ਪੰਜਾਬੀਆਂ ਦਾ ਰਾਹ ਸੌਖਾ ਹੋ ਸਕੇ।

Posted By: Tejinder Thind