ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ਦੇ ਇਕ ਪੰਜਾਬੀ ਪਰਿਵਾਰ ਨਾਲ ਸਬੰਧਤ ਇਕ 21 ਕੁ ਸਾਲ ਦੀ ਕੁੜੀ ਦਾ ਸੜਕ ਹਾਦਸੇ ਦੌਰਾਨ ਗੱਡੀ ਨੂੰ ਅੱਗ ਲੱਗ ਜਾਣ ਨਾਲ ਮੌਤ ਹੋ ਗਈ। ਬੇਪਛਾਣ ਹੋ ਜਾਣ ਕਰਕੇ ਪੁਲਿਸ ਨੇ ਅਧਿਕਾਰਤ ਤੌਰ 'ਤੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ। ਉਹ ਸੱਤ ਕੁ ਸਾਲ ਪਹਿਲਾਂ ਆਪਣੇ ਮਾਪਿਆਂ ਨਾਲ ਨਿਊਜ਼ੀਲੈਂਡ ਆਈ ਸੀ, ਜਿਸ ਨੇ ਅਗਲੇ ਦਿਨੀਂ ਬੈਰਿਸਟਰ ਵਜੋਂ ਨੌਕਰੀ ਸ਼ੁਰੂ ਕਰਨੀ ਸੀ।

ਪਰਿਵਾਰਕ ਸੂਤਰਾਂ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਏਰੀਏ ਪਾਪਾਟੋਏਟੋਏ ਵਾਸੀ ਬਲਦੇਵ ਸਿੰਘ ਤੇ ਰਾਜਿੰਦਰਪਾਲ ਕੌਰ ਦੀ ਬੇਟੀ ਸ਼ੁੱਭਮ ਕੌਰ ਲੰਘੇ ਮੰਗਲਵਾਰ ਆਪਣੇ ਇਕ ਦੋਸਤ ਨਾਲ ਟੈਸਲਾ ਗੱਡੀ 'ਤੇ ਸ਼ਹਿਰ ਤੋਂ ਬਾਹਰ ਗਈ ਸੀ। ਜਿਸ ਦੌਰਾਨ ਰਸਤੇ 'ਚ ਕੈਂਬਰਿਜ ਨੇੜੇ ਟਾਉਪੀਰੀ 'ਚ ਡਾਸਨ ਰੋਡ 'ਤੇ ਦੁਰਘਟਨਾ ਵਾਪਰ ਗਈ। ਗੱਡੀ ਨੂੰ ਅੱਗ ਲੱਗਣ ਕਰਕੇ ਬੇਪਛਾਣ ਹੋਣ ਕਰਕੇ ਪੁਲਿਸ ਨੇ ਅਜੇ ਤਕ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਅਤੇ ਫੋਰੈਂਸਿਕ ਨਜ਼ਰੀਏ ਤੋਂ ਪੜਤਾਲ ਕੀਤੇ ਜਾਣ ਬਾਅਦ ਹੀ ਅਧਿਕਾਰਤ ਤੌਰ 'ਤੇ ਮ੍ਰਿਤਕ ਦੇ ਨਾਂ ਦਾ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਗੱਡੀ 'ਚ ਸਵਾਰ ਉਸ ਦੇ ਦੋਸਤ ਦਾ ਬਚਾਅ ਹੋ ਗਿਆ ਹੈ।

ਮ੍ਰਿਤਕ ਦੇ ਮਾਮਾ ਜਗਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਸ਼ੁੱਭਮ ਕੌਰ ਆਪਣੇ ਮਾਂ-ਬਾਪ ਨਾਲ ਸਾਲ 2015 ਵਿਚ ਹੁਸਿ਼ਆਰਪੁਰ ਜ਼ਿਲ੍ਹੇ 'ਚ ਨਸਰਾਲਾ ਨੇੜੇ ਪਿੰਡ ਮੇਘੋਵਾਲ ਗੰਜਿਆਂ ਨੂੰ ਛੱਡ ਕੇ ਨਿਊਜ਼ੀਲੈਂਡ ਆਈ ਸੀ ਜਦੋਂ ਕਿ ਉਸ ਦਾ ਭਰਾ ਕੁਝ ਸਾਲ ਪਹਿਲਾਂ ਮਨਜੀਤ ਸਿੰਘ ਪਹਿਲਾਂ ਆਇਆ ਸੀ। ਉਨ੍ਹਾਂ ਦੱਸਿਆ ਕਿ ਸ਼ੁੱਭਮ ਘੋੜ-ਸਵਾਰੀ ਤੇ ਸਟੇਕਿੰਗ ਵੀ ਕਰਦੀ ਸੀ ਤਕੜੇ ਜੁੱਸੇ ਵਾਲੀ ਕੁੜੀ ਸੀ, ਜਿਸ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਪਿੱਛੋਂ ਬਰਿਸਟਰ ਵਜੋਂ 10 ਜਨਵਰੀ ਨੂੰ ਜੌਬ ਸ਼ੁਰੂ ਕਰਨੀ ਸੀ।

Posted By: Sarabjeet Kaur