ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ 'ਚ ਘਰਾਂ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਦੇ ਬਾਵਜੂਦ ਇਕ 23 ਕੁ ਸਾਲ ਦੀ ਪੰਜਾਬੀ ਕੁੜੀ ਨੇ ਗ੍ਰੈਜੂਏਟ ਹੋਣ ਪਿੱਛੋਂ ਪਹਿਲੀ ਜੌਬ ਦੌਰਾਨ ਹੀ ਬਹੁਤ ਸੰਜਮ ਨਾਲ ਕਮਾਈ ਜੋੜ-ਜੋੜ ਕੇ ਆਪਣੇ ਦਮ 'ਤੇ ਆਪਣਾ ਪਹਿਲਾ ਘਰ ਖਰੀਦਣ ਦਾ ਸੁਪਨਾ ਪੂਰਾ ਕਰ ਲਿਆ ਹੈ। ਉਸ ਨੇ ਸੂਝਬੂਝ ਨਾਲ ਖ਼ਰਚਿਆਂ ਦਾ ਇੰਨਾ ਸੰਤੁਲਨ ਬਣਾਇਆ ਕਿ ਇਕ ਵਾਰ 13 ਡਾਲਰ ਦੀ ਟੀ-ਸ਼ਰਟ ਖਰੀਦਣ ਲਈ ਵੀ ਉਸਨੇ ਦੋ-ਤਿੰਨ ਮਹੀਨੇ ਉਡੀਕ ਕੀਤੀ ਤਾਂ ਜੋ ਖ਼ਰਚੇ ਵਧ ਨਾ ਜਾਣ।

ਇੱਥੋਂ ਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੀ ਸਿਮਰਨ ਕੌਰ ਨੇ ਹੈਮਿਲਟਨ ਸ਼ਹਿਰ 'ਚ ਕੁੱਝ ਮਹੀਨੇ ਬਚਤ ਕੀਤੀ ਅਤੇ 10 ਫ਼ੀਸਦ ਜਮ੍ਹਾਂ ਪੂੰਜੀ ਦੇ ਹਿਸਾਬ ਨਾਲ 56 ਹਜ਼ਾਰ ਡਾਲਰ ਜਮ੍ਹਾਂ ਕਰਵਾ ਕੇ ਲੋਨ ਲੈ ਲਿਆ ਤੇ 5 ਲੱਖ 60 ਹਜ਼ਾਰ ਡਾਲਰ ਦਾ ਆਪਣਾ 2 ਬੈੱਡਰੂਮ ਘਰ ਖਰੀਦ ਲਿਆ। ਉਹ ਅੱਖਾਂ ਦੇ ਡਾਕਟਰ ਵਜੋਂ ਕੰਮ ਕਰਦੀ ਹੈ ਤੇ ਸਟੂਡੈਂਟਸ ਨਾਲ ਰਹਿੰਦੀ ਰਹੀ ਤਾਂ ਜੋ ਸਟੂਡੈਂਟਸ ਵਾਂਗ ਰਹਿਣ-ਸਹਿਣ ਦਾ ਖ਼ਰਚਾ ਵੀ ਘੱਟ ਤੋਂ ਘੱਟ ਹੋਵੇ। ਉਸਦੇ ਸਾਥੀ ਸਟੂਡੈਂਟਸ ਵੀ ਉਸ ਵਾਂਗ ਘੱਟ ਤੋਂ ਘੱਟ ਖ਼ਰਚਾ ਕਰਦੇ ਹਨ। ਰਲ-ਮਿਲ ਕੇ ਰੋਟੀ-ਪਾਣੀ ਤਿਆਰ ਕਰਨਾ ਵੀ ਸਸਤਾ ਪੈਂਦਾ ਹੈ ਅਤੇ ਬਹੁਤਾ ਰੈਂਟ ਵੀ ਨਹੀਂ ਦੇਣਾ ਪੈਂਦਾ। ਉਹ ਆਪਣਾ ਖ਼ਰਚਾ ਵੀ ਬਹੁਤ ਧਿਆਨ ਕਰਦੀ ਰਹੀ। ਉਹ 70 ਡਾਲਰ ਦੀ ਗਰੌਸਰੀ ਨਾਲ ਡੰਗ ਸਾਰ ਲੈਂਦੀ ਸੀ ਅਤੇ ਰੈਸਟੋਰੈਂਟਾਂ `ਚ ਖਾਣਾ ਖਾਣ ਲਈ ਖ਼ਰਚ ਕਰਨ ਦੀ ਬਜਾਏ ਆਪਣਾ ਸਮਾਂ ਸਹੇਲੀਆਂ ਨਾਲ ਬਿਤਾਉਂਦੀ ਰਹੀ ਸੀ। ਉਹ ਔਰਤਾਂ ਵਾਸਤੇ ‘ਗਰਲਜ਼ ਦੈਟ ਇਨਵੈਸਟ’ ਨਾਂ ਦਾ ਪੋਡਕਾਸਟ ਵੀ ਚਲਾਉਂਦੀ ਹੈ।

ਸਿਮਰਨ ਦੇ ਮਾਤਾ-ਪਿਤਾ ਪੁਸ਼ਪਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਸ਼ੁਰੂ ਤੋਂ ਆਤਮ-ਨਿਰਭਰ ਬਣਨ ਲਈ ਸਿੱਖਿਆ ਦਿੰਦੇ ਆ ਰਹੇ ਸਨ ਤਾਂ ਜੋ ਆਪਣੇ ਬਲਬੂਤੇ ਜਿ਼ੰਦਗੀ `ਚ ਅੱਗੇ ਵਧ ਸਕੇ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਬੇਟੀ ਹੋਰਨਾਂ ਕੁੜੀਆਂ ਲਈ ਵੀ ਮਿਸਾਲ ਬਣੀ ਹੈ। ਜਿਸਨੇ ਯੂਨੀਵਰਸਿਟੀ ਆਫ਼ ਆਕਲੈਂਡ ਤੋਂ ਪੜ੍ਹਾਈ ਕੀਤੀ ਹੈ ਅਤੇ ਅੱਜਕੱਲ੍ਹ ਹੈਮਿਲਟਨ 'ਚ ਅੱਖਾਂ ਦੀ ਡਾਕਟਰ ਵਜੋਂ ਜੌਬ ਕਰ ਰਹੀ ਹੈ।

ਸਿਮਰਨ ਦੀ ਦਾਦੀ ਬਲਬੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਾਨਦਾਨ ਨੂੰ ਤੀਜੀ ਪੀੜ੍ਹੀ 'ਚ ਹੋਣਹਾਰ ਕੁੜੀ ਪ੍ਰਾਪਤ ਹੋਈ ਹੈ ਕਿਉਂਕਿ ਨਾ ਤਾਂ ਸਿਮਰਨ ਦੇ ਦਾਦੇ ਰਿਟਾਇਰਡ ਹੈੱਡ ਮਾਸਟਰ ਹਰਦਿਆਲ ਸਿੰਘ ਦੇ ਕੋਈ ਭੈਣ ਹੈ ਅਤੇ ਹੀ ਪਿਓ ਪੁਸ਼ਪਿੰਦਰ ਸਿੰਘ ਦੇ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਸਿਮਰਨ ਨੇ ਵਿਦੇਸ਼ 'ਚ ਰਹਿ ਕੇ ਵੀ ਸਾਦਾ ਜੀਵਨ ਬਿਤਾਇਆ ਅਤੇ ਅੱਖਾਂ ਦੀ ਡਾਕਟਰ ਬਣ ਕੇ ਆਪਣੀ ਕੁਲ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ ਸਿਰਮਨ ਕੌਰ ਦੇ ਪਿਤਾ ਪੁਸ਼ਪਿੰਦਰ ਸਿੰਘ ਸਾਫ਼਼ਟਵੇਅਰ ਇੰਜੀਨੀਅਰ ਹਨ, ਜੋ ਸਾਲ 1999 'ਚ ਇੱਕ ਕੰਪਨੀ ਰਾਹੀਂ ਨਿਊਜ਼ੀਲੈਂਡ ਆਏ ਸਨ ਤੇ ਇੱਥੇ ਹੀ ਪੱਕੇ ਵਸਨੀਕ ਬਣ ਗਏ। ਉਹ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਨੇੜੇ ਖੰਜਰਪੁਰ ਪਿੰਡ ਨਾਲ ਸਬੰਧਤ ਹਨ ਤੇ ਅੱਜਕੱਲ੍ਹ ਨਾਰਥਸ਼ੋਰ ਟਾਕਾਪੂਨਾ 'ਚ ਰਹਿੰਦੇ ਹਨ। ਸਿਮਰਨ ਦੀ ਮਾਤਾ ਗੁਰਪ੍ਰੀਤ ਕੌਰ ਅਰਲੀ ਚਾਈਲਡਹੁੱਡ ਟੀਚਰ ਹੈ ਅਤੇ ਛੋਟਾ ਭਰਾ ਸਮਰਤ ਸਿੰਘ ਹਾਈ ਸਕੂਲ `ਚ ਪੜ੍ਹਦਾ ਹੈ ਅਤੇ ਕ੍ਰਿਕਟ ਦਾ ਫਾਸਟ ਬਾਲਰ ਹੈ।

ਖ਼ੈਰ ! ਕੋਵਿਡ-19 ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣ ਕਰਕੇ ਪਹਿਲਾ ਘਰ ਖਰੀਦਣ ਵਾਲਿਆਂ ਨੂੰ ਬਹੁਤ ਹੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ ਪਰ ਸਿਮਰਨ ਕੌਰ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਮਨੁੱਖ ਦਾ ਇਰਾਦਾ ਪੱਕਾ ਹੋਵੇ ਤਾਂ ਉਹ ਆਖ਼ਰ ਮੰਜ਼ਲ 'ਤੇ ਪਹੁੰਚ ਹੀ ਜਾਂਦਾ ਹੈ ਭਾਵੇਂ ਰਸਤਾ ਕਿੰਨਾ ਹੀ ਮੁਸ਼ਕਲ ਕਿਉਂ ਨਾ ਹੋਵੇ।

Posted By: Seema Anand