ਮਿਲਾਨ (ਇਟਲੀ), ਦਲਜੀਤ ਮੱਕੜ : ਇਟਲੀ ਦੇ ਲਾਤੀਨਾ ਜ਼ਿਲ੍ਹੇ ਦੇ ਬੋਰਗੋ ਮੋਨਤੈਲੋ ਕਸਬੇ ਵਿੱਚ ਆਪਣੇ ਨਵ-ਜਨਮੇ ਪੁੱਤਰ ਦੀ ਪਾਰਟੀ ਮਨਾ ਰਹੇ ਪਿਤਾ ਦੀ ਲੜਾਈ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੌਰਾਨ ਭਾਰਤੀ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਲੜਾਈ ਕਾਰਨ 29 ਸਾਲਾਂ ਭਾਰਤੀ ਨੌਜਵਾਨ ਦੀ ਮੌਤ ਤੇ 10 ਨੌਜਵਾਨਾਂ ਦੇ ਜਖਮੀ ਹੋਣ ਦੀ ਦੁੱਖਦਾਈ ਖਬਰ ਹੈ। ਇਸ ਲੜਾਈ 'ਚ ਜਾਨ ਤੋਂ ਹੱਥ ਗੁਆਉਣ ਵਾਲਾ ਉਕਤ ਨੌਜਵਾਨ ਜਦੋਂ ਆਪਣੇ ਨਵ-ਜਨਮੇ ਪੁੱਤਰ ਦੀ ਖੁਸ਼ੀ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਘਰ ਵਿੱਚ ਪਾਰਟੀ ਮਨਾ ਰਿਹਾ ਸੀ ਤਾਂ ਭਾਰਤੀ ਮੁੰਡਿਆਂ ਦੇ ਇਕ ਗਰੁੱਪ ਨੇ ਦੂਸਰੇ ਗਰੁੱਪ 'ਤੇ ਹਮਲਾ ਕਰ ਦਿੱਤਾ। ਇਸ ਮੌਕੇ ਦੋਵੇਂ ਗਰੁੱਪਾਂ ਵਿਚਕਾਰ ਹੋਈ ਭਿਆਨਕ ਲੜਾਈ ਵਿੱਚ 10 ਮੁੰਡੇ ਫੱਟੜ ਹੋ ਗਏ, ਜਦੋਂ ਕਿ ਉਕਤ 29 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਤੇਜ਼ਧਾਰ ਹਥਿਆਰ, ਲੋਹੇ ਦੀ ਰਾਡ ਤੇ ਤਿੰਨ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ।

Posted By: Ramanjit Kaur