ਵੈਨਿਸ (ਰਾਇਟਰ) : ਇਟਲੀ ਦਾ ਖ਼ੂਬਸੂਰਤ ਵੈਨਿਸ ਸ਼ਹਿਰ ਇਤਿਹਾਸ ਦੇ ਦੂਜੇ ਸਭ ਤੋਂ ਵੱਡੇ ਤੂਫ਼ਾਨ ਨਾਲ ਤਬਾਹ ਹੋ ਗਿਆ ਹੈ। ਵੈਨਿਸ ਦੇ ਮੇਅਰ ਨੇ ਬੁੱਧਵਾਰ ਨੂੰ ਪੂਰੇ ਸ਼ਹਿਰ ਨੂੰ ਆਫ਼ਤ ਦਾ ਸ਼ਿਕਾਰ ਖੇਤਰ ਐਲਾਨ ਕਰ ਦਿੱਤਾ। ਹੜ੍ਹ ਨਾਲ ਪੂਰਾ ਸ਼ਹਿਰ ਇਸ ਕਦਰ ਪ੍ਰਭਾਵਿਤ ਹੋਇਆ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾ ਸਕਦੇ ਹਾਂ ਕਿ ਇਤਿਹਾਸਕ ਬੇਸਿਲਿਕਾ ਸਮੇਤ ਕਈ ਗਲੀ-ਮੁਹੱਲੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਹਨ। ਇਸ ਸਮੁੰਦਰੀ ਆਫ਼ਤ ਵਿਚ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ।

ਅਧਿਕਾਰੀਆਂ ਮੁਤਾਬਕ, ਸਥਾਨਕ ਸਮੇਂ ਮੁਤਾਬਕ ਮੰਗਲਵਾਰ ਰਾਤ 10 ਵੱਜ ਕੇ ਸੱਤ ਮਿੰਟ 'ਤੇ ਸਮੁੰਦਰ ਵਿਚ ਛੇ ਫੁੱਟ ਦੋ ਇੰਚ (187 ਸੈਂਟੀਮੀਟਰ) ਉੱਚੀਆਂ ਲਹਿਰਾਂ ਉੱਠੀਆਂ। ਇਹ 1966 ਦੇ 194 ਸੈਂਟੀਮੀਟਰ ਉੱਚੀਆਂ ਲਹਿਰਾਂ ਦੇ ਮੁਕਾਬਲੇ ਵਿਚ ਕੁਝ ਹੀ ਘੱਟ ਸਨ। ਇਨ੍ਹਾਂ ਲਹਿਰਾਂ ਦੀ ਲਪੇਟ ਵਿਚ ਆ ਕੇ ਸ਼ਹਿਰ ਦਾ ਸੇਂਟ ਮਾਰਕਸ ਸਕੁਵਾਇਰ ਅਤੇ ਉਸ ਦੇ ਨਾਲ ਸਥਿਤ ਬੇਸਿਲਿਕਾ ਪਾਣੀ ਵਿਚ ਡੁੱਬ ਗਿਆ। ਵੈਨਿਸ ਦੇ ਮੇਅਰ ਲੁਈਗੀ ਬਰੂਗਨਾਰੋ ਨੇ ਟਵਿੱਟਰ 'ਤੇ ਕਿਹਾ, 'ਸਥਿਤੀ ਬਹੁਤ ਨਾਟਕੀ ਸੀ। ਅਸੀਂ ਸਰਕਾਰ ਤੋਂ ਮਦਦ ਲਈ ਕਿਹਾ ਹੈ। ਸਾਨੂੰ ਬਹੁਤ ਸਾਰੇ ਪੈਸੇ ਦਾ ਲੋੜ ਹੋਵੇਗੀ। ਇਹ ਜਲਵਾਯੂ ਪਰਿਵਰਤਨ ਦਾ ਨਤੀਜਾ ਹੈ। ਆਫ਼ਤ ਪ੍ਰਭਾਵਿਤ ਖੇਤਰ ਦੇ ਐਲਾਨ ਦੇ ਨਾਲ ਹੀ ਅਸੀਂ ਸਰਕਾਰ ਤੋਂ ਐਮਰਜੈਂਸੀ ਦਾ ਐਲਾਨ ਕਰਨ ਲਈ ਕਹਾਂਗੇ।

ਉੱਚ ਜਵਾਰ-ਭਾਟੇ ਦੇ ਸਮੇਂ ਵੈਨਿਸ ਨੂੰ ਹੜ੍ਹ ਤੋਂ ਬਚਾਉਣ ਲਈ 1984 ਵਿਚ ਇਕ ਪ੍ਰਾਜੈਕਟ ਡਿਜ਼ਾਈਨ ਤਿਆਰ ਕੀਤਾ ਗਿਆ ਸੀ, ਪਰ ਕਰੋੜਾਂ ਯੂਰੋ ਦਾ ਇਹ ਪ੍ਰਾਜੈਕਟ ਘੁਟਾਲਿਆਂ ਦੀ ਭੇਟ ਚੜ੍ਹ ਗਿਆ।