ਵੀਨਸ (ਏਐੱਫਪੀ) : ਇਟਲੀ ਦੇ ਖ਼ੂਬਸੂਰਤ ਸ਼ਹਿਰ ਵੀਨਸ ਤੋਂ ਅਜੇ ਜਵਾਰਭਾਟੇ ਦਾ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਨਹਿਰਾਂ ਵਾਲੇ ਇਸ ਸ਼ਹਿਰ ਵਿਚ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਟਲੀ ਦੀ ਸਰਕਾਰ ਅਜਿਹੀਆਂ ਸਥਿਤੀਆਂ ਨਾਲ ਨਿਪਟਣ ਲਈ ਸਾਰੇ ਉਪਾਅ ਕਰ ਰਹੀ ਹੈ।

ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਇਹ ਇਤਿਹਾਸਕ ਸ਼ਹਿਰ ਹੁਣ ਸਮੁੰਦਰ ਦੇ ਪਾਣੀ ਵਿਚ 50 ਇੰਚ ਤਕ ਦੇ ਵਾਧੇ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਵੀਨਸ ਮੰਗਲਵਾਰ ਨੂੰ ਸਮੁੰਦਰ ਵਿਚ ਆਏ ਜਵਾਰਭਾਟੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਤਦ ਸਮੁੰਦਰ ਵਿਚ 1.87 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਸਨ। ਪਿਛਲੇ 50 ਸਾਲਾਂ ਦੌਰਾਨ ਇਸ ਨੂੰ ਸਭ ਤੋਂ ਉੱਚਾ ਜਵਾਰਭਾਟਾ ਦੱਸਿਆ ਗਿਆ ਸੀ। ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਟੇ ਨੇ ਵੀਨਸ ਨੂੰ ਦੇਸ਼ ਦਾ ਦਿਲ ਦੱਸਦੇ ਹੋਏ ਹੜ੍ਹ ਪ੍ਰਭਾਵਿਤ ਕਰਾਰ ਦਿੱਤਾ ਹੈ। ਜਵਾਰਭਾਟਾ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਪਹਿਲੇ ਉਹ ਵੀਨਸ ਦੇ ਮੇਅਰ ਲੁਈਗੀ ਬਰੁਗਨਾਰੋ ਅਤੇ ਰਾਹਤ ਅਤੇ ਬਚਾਅ ਟੀਮਾਂ ਨਾਲ ਮੁਲਾਕਾਤ ਕਰਨਗੇ। ਮੇਅਰ ਬਰੁਗਨਾਰੋ ਨੇ ਪਾਣੀ ਭਰਨ ਨਾਲ ਸ਼ਹਿਰ ਨੂੰ ਭਾਰੀ ਨੁਕਸਾਨ ਹੋਣ ਦੀ ਗੱਲ ਕਹੀ ਹੈ। ਜਵਾਰਭਾਟੇ ਦੇ ਖ਼ਤਰੇ ਨੂੰ ਦੇਖਦੇ ਹੋਏ ਸ਼ਹਿਰ ਦੇ ਕਈ ਅਜਾਇਬਘਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਹਰ ਸਾਲ ਆਉਂਦੇ ਹਨ 3.6 ਕਰੋੜ ਸੈਲਾਨੀ

ਸੈਲਾਨੀਆਂ ਵਿਚ ਲੋਕਪਿ੍ਰਆ ਵੀਨਸ ਦੀ ਆਬਾਦੀ ਸਿਰਫ਼ 50 ਹਜ਼ਾਰ ਹੈ ਪ੍ਰੰਤੂ ਸੈਰ ਲਈ ਇਸ ਸ਼ਹਿਰ ਵਿਚ ਹਰ ਸਾਲ ਕਰੀਬ 3.6 ਕਰੋੜ ਸੈਲਾਨੀ ਆਉਂਦੇ ਹਨ।