v> ਮਿਲਾਨ, ਦਲਜੀਤ ਮੱਕੜ : ਭਾਵੇ ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਤੀਜੇ ਦੌਰ ਦਾ ਡਰ ਪੈਦਾ ਹੋ ਚੁੱਕਾ ਹੈ, ਇਸੇ ਡਰ ਦੇ ਚੱਲਦਿਆਂ ਇਟਲੀ ਸਰਕਾਰ ਨੇ ਪਿਛਲੇ ਦਿਨੀਂ ਕ੍ਰਿਸਮਸ ਅਤੇ ਨਵੇਂ ਸਾਲ ਲਈ ਨਿਯਮਾਂ ਵਿਚ ਕਾਫੀ ਸਖਤੀ ਵੀ ਕੀਤੀ ਹੈ। ਯੂਕੇ ਵਿੱਚ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਪ੍ਰਭਾਵ ਕਾਰਨ ਯੂਰਪ ਦੇ ਕੁਝ ਦੇਸ਼ਾਂ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੁਆਰਾ ਯੂ ਕੇ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਪਰ ਰਾਹਤ ਲਈ ਸਭ ਦੀ ਨਜ਼ਰ ਕੋਰੋਨਾ ਵਾਇਰਸ ਦੀ ਵੈਕਸੀਨ ਤੇ ਵੀ ਟਿਕੀ ਹੋਈ ਹੈ।ਸੋਮਵਾਰ ਨੂੰ ਯੂਰਪੀਅਨ ਮੈਡੀਸਨਜ਼ ਏਜੰਸੀ ਈ.ਐਮ.ਏ ਦੁਆਰਾ ਫਾਈਜ਼ਰ-ਬਾਇਓਨਟੈਕ ਦੇ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਇਟਲੀ ਦੀ ਦਵਾਈ ਏਜੰਸੀ ਏਆਈਐਫਏ ਦੁਆਰਾ ਫਾਈਜ਼ਰ-ਬਾਇਉਨਟੈਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ, ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜਾ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 27 ਦਿਸੰਬਰ ਨੂੰ ਸਾਰੇ ਇਟਲੀ ਵਿੱਚ ਸਿਹਤ ਕਰਮਚਾਰੀਆਂ ਅਤੇ ਆਰ .ਐਸ.ਏ ਵਿਚ ਰਹਿ ਰਹੇ ਬਜ਼ੁਰਗਾਂ ਤੋਂ ਇਹ ਮੁਹਿੰਮ ਸ਼ੁਰੂ ਹੋਵੇਗੀ। ਇਟਲੀ ਫੌਜ ਦੇ ਜਨਰਲ ਲੂਚੀਆਨੋ ਪੋਰਤੋਲਾਨੋ ਨੇ ਰਾਸ਼ਟਰਪਤੀ ਸਰਜੀਓ ਮਤਾਰੈਲਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਟਲੀ ਦੀ ਸੈਨਾ ਦੇਸ਼ ਭਰ ਵਿੱਚ 21 ਥਾਵਾਂ ਤੇ ਟੀਕੇ ਵੰਡਣ ਦੀ ਜ਼ਿੰਮੇਵਾਰੀ ਨਿਭਾਏਗੀ ਅਤੇ ਦੂਜੇ ਪਾਸੇ ਇਟਲੀ ਦੇ ਪ੍ਰਧਾਨ ਮੰਤਰੀ ਜੂਸੈਪੇ ਕੌਂਤੇ ਨੇ ਵੀ ਕਿਹਾ ਕਿ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਕਿਉਂਕਿ ਯੂਰਪੀਅਨ ਯੂਨੀਅਨ ਅਤੇ ਇਟਲੀ ਦੇ ਮੈਡੀਕਲ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

Posted By: Tejinder Thind