ਪੱਤਰ ਪ੍ਰਰੇਕ, ਮਿਲ‍ਾਨ (ਇਟਲੀ) : ਇਟਲੀ 'ਚ ਪਿਛਲੇ ਸਮੇਂ ਤੋਂ ਭਾਰਤੀ ਬੱਚਿਆਂ ਨੇ ਸਕੂਲੀ ਸਿੱਖਿਆ ਵਿੱਚ ਚੰਗੇ ਨੰਬਰ ਲੈ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੇ ਇਸ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਨੂੰ ਕੁੱਝ ਨਵਾਂ ਕਰਨ ਦੀ ਸਿੱਖਿਆ ਦਿੱਤੀ ਹੈ। ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ 'ਚ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ 100/100 ਅੰਕ ਹਾਸਲ ਕਰ ਕੇ ਜਿੱਥੇ ਆਪਣੇ ਪਰਿਵਾਰਾਂ ਦਾ ਮਾਣ ਵਧਾਇਆ ਹੈ, ਉੱਥੇ ਹੀ ਇਟਲੀ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਅੱਗੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੈ, ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਮਰਤੀਨੈਗੋ ਦੀਆਂ ਵਸਨੀਕ ਦੋ ਸਕੀਆਂ ਭੈਣਾਂ ਜਿਨ੍ਹਾਂ ਵਿੱਚ ਪਰੀਨੀਤਾ ਭੁੱਟਾ (13) ਜਿਸ ਨੇ ਲਗਾਤਾਰ ਤਿੰਨ ਸਾਲ 6, 7, ਤੇ 8ਵੀਂ ਕਲਾਸ 'ਚੋਂ 100/100 ਅੰਕ ਹਾਸਲ ਕਰਕੇ ਤੀਸਰੇ ਸਾਲ ਡਿਪਲੋਮਾ ਦੀ ਮੈਰੀਤੋ ਪ੍ਰਾਪਤ ਕੀਤਾ ਹੈ। ਪਰੀਨੀਤਾ ਭੁੱਟਾ ਜ਼ੋ ਕਿ ਮਰਤੀਨੈਗੋ ਦੇ ਸਕੈਡੰਰੀ ਸਕੂਲ ਦੀ ਗਰਾਦੋ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਰਹੀ ਸੀ, ਅਤੇ ਰੋਜੈਂਤਾ ਭੁੱਟਾ (10) 'ਸਕੂਲਾਂ ਪਰੀਮਾਰੀਆ ਸੀਏਪੀ ਮਰਤੀਨੈਗੋ' ਵਿਖੇ ਪੰਜਵੀ ਜਮਾਤ ਵਿੱਚ ਪੜ੍ਹ ਰਹੀ ਸੀ ਅਤੇ ਉਸ ਨੇ ਪੰਜਵੀਂ ਕਲਾਸ ਵਿੱਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਲਾਸ ਵਿੱਚੋਂ ਟਾਪ ਕੀਤਾ ਹੈ।

ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਪਿਤਾ ਸੁਰਜੀਤ ਭੁੱਟਾ ਤੇ ਮਾਤਾ ਨੀਲਮ ਭੁੱਟਾ ਨੇ ਖੁਸ਼ੀ ਭਰੇ ਸ਼ਬਦਾਂ ਨਾਲ ਕਿਹਾ ਕਿ ਅੱਜ ਸਾਨੂੰ ਆਪਣੀਆਂ ਦੋਵੇਂ ਲਾਡਲੀਆਂ ਧੀਆਂ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਸਾਡੇ ਪਰਿਵਾਰ ਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਬੱਚੀਆਂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਐਨਆਰਆਈਆਂ ਦੇ ਨਾਂ ਨਾਲ ਜਾਣੇ ਜਾਂਦੇ ਪਿੰਡ ਗੜ੍ਹ ਪਧਾਣਾਂ ਨਾਲ ਸਬੰਧਤ ਹੈ। ਪਿਤਾ ਸੁਰਜੀਤ ਭੁੱਟਾ ਨੇ ਦੱਸਿਆ ਕਿ ਮੈਂ ਪਿਛਲੇ 25 ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਹਾਂ, ਦੂਜੇ ਪਾਸੇ ਭੁੱਟਾ ਪਰਿਵਾਰ ਨੂੰ ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਦੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Posted By: Amita Verma