ਦਲਜੀਤ ਮੱਕੜ, ਮਿਲਾਨ : ਇਟਲੀ 'ਚ ਪੈਟਰੋਲ ਪੰਪਾਂ ਦੀ 2 ਦਿਨਾਂ ਹੜਤਾਲ ਮੰਗਲਵਾਰ ਸ਼ਾਮ ਨੂੰ 7 ਤੋਂ ਸ਼ੁਰੂ ਹੋਈ। ਇਹ ਹੜਤਾਲ ਇਟਲੀ ਸਰਕਾਰ ਦੁਆਰਾ ਈਧਨ ਦੀਆਂ ਕੀਮਤਾਂ 'ਚ ਪਾਰਦਰਸ਼ਤਾ ਲਿਆਉਣ ਲਈ ਕਾਨੂੰਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਟਲੀ ਵਿੱਚ ਫਿਲਿੰਗ ਸਟੇਸ਼ਨਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਐਸੋਸੀਏਸ਼ਨਾਂ ਵੱਲੋਂ ਐਲਾਨੀ ਗਈ ਸੀ। ਹਾਲਾਂਕਿ ਹੜਤਾਲ ਟਾਲਣ ਦੇ ਕਾਫੀ ਯਤਨ ਕੀਤੇ ਗਏ। ਪਰ ਇਟਲੀ ਦੀਆ ਦੋ ਚੋਟੀ ਦੀਆਂ ਪੈਟਰੋਲ ਸਟੇਸ਼ਨ ਗਰੁੱਪਸ ਫੇਗਿਕਾ ਅਤੇ ਫਿਗਿਸਕ/ ਅਨੀਸਾ ਨੇ ਮੰਗਲਵਾਰ ਸ਼ਾਮ ਤੋਂ ਵੀਰਵਾਰ ਸ਼ਾਮ ਤਕ ਹੜਤਾਲ ਦੇ ਐਲਾਨ ਦੀ ਪੁਸ਼ਟੀ ਕੀਤੀ। ਹਾਲਾਂਕਿ ਇਟਲੀ ਦੇ ਇੱਕ ਹੋਰ ਪੈਟਰੋਲ ਸਟੇਸ਼ਨ ਸਮੂਹ ਐਫਏਆਈਬੀ ਨੇ ਇਹ ਹੜਤਾਲ ਇਕ ਦਿਨ ਕਰਨ ਦਾ ਫੈਸਲਾ ਕੀਤਾ। ਮੰਗਲਵਾਰ ਦਿਨ ਭਰ ਇਟਲੀ ਦੇ ਪੈਟਰੋਲ ਪੰਪਾਂ ਤੇ ਈਧਨ ਭਰਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਇਟਲੀ ਵਿੱਚ ਪੈਟਰੋਲ ਪੰਪਾਂ ਦੀ ਹੜਤਾਲ ਨਾਲ ਆਮ ਲੋਕਾਂ ਅਤੇ ਜਨ ਜੀਵਨ 'ਤੇ ਖਾਸਾ ਅਸਰ ਪਵੇਗਾ।

Posted By: Seema Anand