ਦਲਜੀਤ ਮੱਕੜ, ਮਿਲਾਨ (ਇਟਲੀ) : ਇਟਲੀ 'ਚ ਪਿਛਲੇ ਦਿਨਾਂ ਤੋਂ ਖਰਾਬ ਮੌਸਮ ਦੇ ਚੱਲਦਿਆਂ ਵੈਨੈਤੋ ਸੂਬੇ ਦੇ ਵੈਰੋਨਾ ਜ਼ਿਲ੍ਹੇ ਦੇ ਵੈਰੋਨੇਲਾ ਸ਼ਹਿਰ ਨੇੜੇ ਬੀਤੀ ਸ਼ਾਮ ਲੱਗਭਗ 5:20 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਕਾਰ ਦੇ ਨਹਿਰ ਵਿੱਚ ਡਿੱਗ ਜਾਣ ਕਾਰਨ ਪਾਣੀ ਵਿੱਚ ਡੁੱਬ ਕੇ ਦੋ ਸਕੇ ਭੈਣ -ਭਰਾਵਾਂ ਅਤੇ ਇਕ ਹੋਰ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਬਾਬਾ ਬਕਾਲਾ ਨੇੜਲੇ ਚੀਮਾ ਬਾਠ ਪਿੰਡ ਨਾਲ਼ ਸਬੰਧਿਤ ਦੋ ਸਕੇ ਭੈਣ ਭਰਾ ਵੀ ਸ਼ਾਮਲ ਹਨ।ਇਨ੍ਹਾਂ ਦੀ ਪਹਿਚਾਣ ਬਲਪ੍ਰੀਤ ਕੌਰ (20) ਅਤੇ ਅਮ੍ਰਿਤਪਾਲ ਸਿੰਘ (19) ਸਪੁੱਤਰੀ ਅਤੇ ਸਪੁੱਤਰ ਕਵੀਸ਼ਰ ਬਚਿੱਤਰ ਸਿੰਘ ਸ਼ੌਕੀ ਵਜੋਂ ਹੋਈ ਹੈ। ਜਦੋਂ ਕਿ ਮ੍ਰਿਤਕਾਂ ਵਿੱਚ ਇਕ ਨੌਜਵਾਨ ਵਿਸ਼ਾਲ ਕਲੇਰ ਜੋ ਕਿ ਜਲੰਧਰ ਨਾਲ਼ ਸਬੰਧਿਤ ਸੀ।
ਇਸ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਇਟਾਲੀਅਨ ਸੁਰੱਖਿਆ ਦਸਤਿਆਂ ਨੇ ਮੌਕੇ 'ਤੇ ਪਹੁੰਚ ਕੇ ਮੀਂਹ ਅਤੇ ਹਨੇਰੇ ਦੇ ਬਾਵਜੂਦ ਲਗਾਤਾਰ ਕੋਸ਼ਿਸ਼ ਕਰਦਿਆਂ ਕਰੇਨਾਂ ਦੀ ਮੱਦਦ ਦੇ ਨਾਲ਼ ਪਾਣੀ ਵਿੱਚ ਡੁੱਬੀ ਕਾਰ ਨੂੰ ਤੁਰੰਤ ਬਾਹਰ ਕੱਢਿਆ ਪ੍ਰੰਤੂ ਉਦੋਂ ਤੱਕ ਇਹ ਤਿੰਨੇ ਯੁਵਕ ਆਪਣੀ ਜਾਨ ਗੁਆ ਚੁੱਕੇ ਸਨ। ਹਾਦਸੇ ਸਮੇਂ ਚੌਥਾ ਨੌਜਵਾਨ ਅਮਰਿੰਦਰ ਸਿੰਘ ਜੋ ਕਿ ਕਾਰ ਚਲਾ ਰਿਹਾ ਸੀ ਉਹ ਹਾਦਸੇ ਦੇ ਵਾਪਰਨ ਸਮੇਂ ਹੀ ਤਾਕੀ ਖੁੱਲ੍ਹ ਕੇ ਕਾਰ ਤੋਂ ਬਾਹਰ ਪੁਲ਼ 'ਤੇ ਡਿੱਗ ਗਿਆ ਜੋ ਕਿ ਜ਼ਖ਼ਮੀ ਹਾਲਤ ਵਿੱਚ ਸਨਬੋਨੀਫਾਚੋ ਦੇ ਹਾਲਤ ਵਿੱਚ ਜੇਰੇ ਇਲਾਜ ਹੈ। ਇਹ ਚਾਰੇ ਯੁਵਕ ਵੈਰੋਨਾ ਨੇੜਲੇ ਸ਼ਹਿਰ ਮੌਤੀਫੋਰਤੇ ਦੇ ਰਹਿਣ ਵਾਲੇ ਸਨ। ਹਾਦਸੇ ਦੇ ਪੂਰੇ ਕਾਰਨ ਤਾਂ ਹਾਲੇ ਤੱਕ ਸਾਹਮਣੇ ਨਹੀ ਆ ਸਕੇ ਪ੍ਰੰਤੂ ਕਾਰ ਪੁਲ਼ ਦੇ ਇਕ ਕਿਨਾਰੇ ਨਾਲ ਟਕਰਾਉਣ ਤੋਂ ਬਾਅਦ ਪੁਲ਼ ਦੀ ਗਰਿੱਲ ਨੂੰ ਤੋੜਨ ਉਪਰੰਤ ਬੇਕਾਬੂ ਹੋ ਕੇ ਹੇਠਾ ਡੂੰਘੀ ਨਹਿਰ ਵਿੱਚ ਜਾ ਡਿੱਗੀ।
Posted By: Jagjit Singh