ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਖੱਖ ਪ੍ਰੋਡਕਸ਼ਨ ਵੱਲੋਂ ਦੂਸਰਾ 'ਔਜ ਕਬੱਡੀ ਵਰਲਡ ਕੱਪ' 22 ਅਕਤੂਬਰ ਦਿਨ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਐਪਿੰਗ ਇਲਾਕੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਵਰਲਡ ਕੱਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਲਵ ਖੱਖ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਪ੍ਰੈੱਸ ਕਾਨਫਰੰਸ, ਕਬੱਡੀ ਟੀਮਾਂ ਅਤੇ ਸਪਾਂਸਰਾ ਨਾਲ ਵਿਸ਼ੇਸ਼ ਮਿਲਣੀ ਕੀਤੀ।ਇਸ ਦੌਰਾਨ ਟਰੋਫੀ ਰੀਲੀਜ਼ ਸਮਾਗਮ ਦੌਰਾਨ ਦੱਸਿਆ ਗਿਆ ਕਿ ਇਸ ਕੱਪ ਵਿੱਚ ਦਰਸ਼ਕ ਪਰਿਵਾਰਾਂ ਸਮੇਤ ਪਹੁੰਚਣ ਅਤੇ ਲੱਕੀ ਡਰਾਅ ਰਾਹੀਂ ਇਨਾਮ ਜਿੱਤਣ ਦਾ ਮੌਕਾ ਹਾਸਿਲ ਕਰਨ, ਜਿਸ ਵਿੱਚ ਰੇਂਜ ਰੋਵਰ ਸਪੋਰਟ ਕਾਰ ਵੀ ਸ਼ਾਮਿਲ ਹੈ |
ਇਸ ਕਬੱਡੀ ਵਰਲਡ ਕੱਪ ਵਿੱਚ ਆਸਟ੍ਰੇਲੀਆ, ਭਾਰਤ, ਪਾਕਿਸਤਾਨ, ਨਿਊਜ਼ਈਲੈਂਡ, ਕੈਨੇਡਾ ਅਤੇ ਯੂਕੇ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਜੇਤੂ ਟੀਮਾਂ ਤੇ ਖਿਡਾਰੀਆਂ ਵਾਸਤੇ ਵੀ ਚੋਖੇ ਇਨਾਮ ਰੱਖੇ ਗਏ ਹਨ। ਜੇਤੂ ਟੀਮ ਨੂੰ 21000 ਡਾਲਰ, ਦੂਜੇ, ਤੀਜੇ ਅਤੇ ਚੌਥੇ ਨੰਬਰ 'ਤੇ ਰਹਿਣ ਵਾਲੀਆਂ ਟੀਮਾਂ ਲਈ 15,000, 7100 ਅਤੇ 6100 ਡਾਲਰਾਂ ਦੇ ਇਨਾਮ ਰੱਖੇ ਗਏ ਹਨ। ਪ੍ਰਬੰਧਕਾਂ ਅਨੁਸਾਰ ਇਸ ਕਬੱਡੀ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਖੇਡ ਸਮਾਗਮ ਹਰ ਤਰ੍ਹਾਂ ਦੇ ਨਸ਼ੇ ਤੋਂ ਵੀ ਮੁਕਤ ਹੋਵੇਗਾ ਤਾਂ ਜੋ ਪਰਿਵਾਰਾਂ ਸਮੇਤ ਪਹੁੰਚੇ ਦਰਸ਼ਕ ਖੇਡਾਂ ਦਾ ਪੂਰਾ ਆਨੰਦ ਲੈ ਸਕਣ।
ਕਬੱਡੀ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ, ਬੱਚਿਆਂ ਦਾ ਭੰਗੜਾ, ਚਾਈਨੀਜ ਡਰੈਗਨ ਡਾਂਸ, ਗਿੱਧਾ ਬੱਚਿਆਂ ਲਈ ਰਾਈਡਸ ਅਤੇ ਮਨੋਰੰਜਨ ਲਈ ਹੋਰ ਬਹੁਤ ਕੁਝ ਸ਼ਾਮਿਲ ਕੀਤਾ ਗਿਆ ਹੈ। ਐਪਿੰਗ ਇਲਾਕੇ ਵਿਖੇ ਹੋਏ ਇਕੱਠ ਵਿੱਚ ਭਾਰਤੀ ਅਤੇ ਪਾਕਿਸਤਾਨੀ ਮੀਡੀਏ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।
Posted By: Ramanjit Kaur